ਉਪ ਰਾਸ਼ਟਰਪਤੀ ਚੋਣ: ਖੜਗੇ ਵੱਲੋਂ ਸਾਂਝੇ ਉਮੀਦਵਾਰ ਲਈ ਵਿਰੋਧੀ ਪਾਰਟੀਆਂ ਤੱਕ ਪਹੁੰਚ
ਵਿਰੋਧੀ ਪਾਰਟੀਆਂ ਦਾ ‘ਇੰਡੀਆ’ ਗੱਠਜੋੜ ਉਪ ਰਾਸ਼ਟਰਪਤੀ ਚੋਣਾਂ ਲਈ ਇੱਕ ਸਾਂਝਾ ਉਮੀਦਵਾਰ ਖੜ੍ਹਾ ਕਰੇਗਾ। ਸੂਤਰਾਂ ਮੁਤਾਬਕ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵਿਰੋਧੀ ਪਾਰਟੀਆਂ ਨਾਲ ਨਾਵਾਂ ਦੀ ਖੋਜ ਕਰਨ ਅਤੇ ਇਸ ’ਤੇ ਸਹਿਮਤੀ ਬਣਾਉਣ ਲਈ ਰਾਬਤਾ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਬਲਾਕ ਵਿੱਚ ਇੱਕ ਮਜ਼ਬੂਤ ਭਾਵਨਾ ਹੈ ਕਿ ਵਿਰੋਧੀ ਪਾਰਟੀਆਂ ਨੂੰ ਨਤੀਜੇ ਦੀ ਪਰਵਾਹ ਕੀਤੇ ਬਿਨਾਂ ਇੱਕ ਮਜ਼ਬੂਤ ਸਿਆਸੀ ਸੁਨੇਹਾ ਦੇਣ ਲਈ ਮੁਕਾਬਲੇ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਹਾਲਾਂਕਿ ਉਮੀਦਵਾਰ ਚੁਣਨ ’ਤੇ ਫ਼ਿਲਹਾਲ ਕੋਈ ਢਾਂਚਾਗਤ ਚਰਚਾ ਨਹੀਂ ਹੋਈ ਹੈ, ਪਰ ਇੰਡੀਆ ਗੱਠਜੋੜ ਦੇ ਭਾਈਵਾਲਾਂ ਵਿਚਕਾਰ ਸੰਭਾਵੀ ਉਮੀਦਵਾਰਾਂ ਦੇ ਨਾਵਾਂ ’ਤੇ ਵਿਚਾਰ-ਵਟਾਂਦਰਾ ਕਰਨ ਲਈ ਪਰਦੇ ਪਿੱਛਿਓਂ ਗੱਲਬਾਤ ਜਾਰੀ ਹੈ। ਖੜਗੇ ਸਹਿਮਤੀ ਬਣਾਉਣ ਲਈ ਵਿਰੋਧੀ ਪਾਰਟੀਆਂ ਨਾਲ ਸੰਪਰਕ ਕਰ ਰਹੇ ਹਨ।
ਕਾਂਗਰਸ ਵਿਚਲੇ ਸੂਤਰਾਂ ਨੇ ਦੱਸਿਆ ਕਿ ਪਾਰਟੀਆਂ ਵਿਚ ਇਸ ਗੱਲ ’ਤੇ ਸਹਿਮਤੀ ਹੈ ਕਿ ਇੰਡੀਆ ਬਲਾਕ ਉਪ ਰਾਸ਼ਟਰਪਤੀ ਚੋਣਾਂ ਲਈ ਇੱਕ ਸਾਂਝਾ ਉਮੀਦਵਾਰ ਖੜ੍ਹਾ ਕਰੇਗਾ। ਹਾਲਾਂਕਿ ਵਿਰੋਧੀ ਧੜੇ ਦੇ ਇੱਕ ਹਿੱਸੇ ਦਾ ਮੰਨਣਾ ਹੈ ਕਿ ਭਾਜਪਾ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਕਰਨ ਤੋਂ ਬਾਅਦ ‘ਇੰਡੀਆ’ ਗੱਠਜੋੜ ਨੂੰ ਆਪਣਾ ਉਮੀਦਵਾਰ ਤੈਅ ਕਰਨਾ ਚਾਹੀਦਾ ਹੈ।