ਉਪ ਰਾਸ਼ਟਰਪਤੀ ਚੋਣ: ਸਾਬਕਾ ਜਸਟਿਸ ਸੁਦਰਸ਼ਨ ਰੈਡੀ ‘ਇੰਡੀਆ’ ਦੇ ਉਮੀਦਵਾਰ
ਵਿਰੋਧੀ ਧਿਰਾਂ ਦੇ ‘ਇੰਡੀਆ’ ਗੱਠਜੋੜ ਨੇ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਬੀ. ਸੁਦਰਸ਼ਨ ਰੈਡੀ ਨੂੰ ਉਪ ਰਾਸ਼ਟਰਪਤੀ ਦੀ ਚੋਣ ਲਈ ਆਪਣਾ ਉਮੀਦਵਾਰ ਐਲਾਨਿਆ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਸਾਬਕਾ ਲੋਕਆਯੁਕਤ ਬੀ ਸੁਦਰਸ਼ਨ ਰੈਡੀ ਉਪ ਰਾਸ਼ਟਰਪਤੀ ਦੀ ਚੋਣ ਲਈ ਵਿਰੋਧੀ ਧਿਰਾਂ ਦੇ ਸਾਂਝੇ ਉਮੀਦਵਾਰ ਹੋਣਗੇ। ਖੜਗੇ ਦੀ ਰਿਹਾਇਸ਼ ’ਤੇ ਅੱਜ ਸਵੇਰੇ ਹੋਈ ਮੀਟਿੰਗ ਵਿੱਚ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਰੈਡੀ ਦੇ ਨਾਮ ਨੂੰ ਵਿਰੋਧੀ ਧਿਰਾਂ ਦੇ ਉਪ ਰਾਸ਼ਟਰਪਤੀ ਉਮੀਦਵਾਰ ਵਜੋਂ ਅੰਤਿਮ ਰੂਪ ਦਿੱਤਾ ਗਿਆ।
ਜਸਟਿਸ ਰੈਡੀ ਦੇਸ਼ ਦੇ ਇਸ ਅਹਿਮ ਸੰਵਿਧਾਨਿਕ ਅਹੁਦੇ ਲਈ 9 ਸਤੰਬਰ ਨੂੰ ਹੋਣ ਵਾਲੀ ਚੋਣ ਵਾਸਤੇ ਸੱਤਾਧਾਰੀ ਗੱਠਜੋੜ ਐੱਨਡੀਏ ਦੇ ਉਮੀਦਵਾਰ ਤੇ ਮਹਾਰਾਸ਼ਟਰ ਦੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੂੰ ਟੱਕਰ ਦੇਣਗੇ।
ਖੜਗੇ ਨੇ ਦੇਸ਼ ਦੇ ਦੂਜੇ ਸਭ ਤੋਂ ਉੱਚੇ ਅਹੁਦੇ ਲਈ ਹੋਣ ਵਾਲੀ ਅਗਾਮੀ ਚੋਣ ਨੂੰ ‘ਵਿਚਾਰਧਾਰਕ ਲੜਾਈ’ ਕਰਾਰ ਦਿੱਤਾ। ਰੈਡੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਅਤੇ ਗੋਆ ਦੇ ਪਹਿਲੇ ਲੋਕਆਯੁਕਤ ਹਨ। ਉਨ੍ਹਾਂ 16 ਸਾਲਾਂ ਤੋਂ ਵੱਧ ਸਮੇਂ ਤੱਕ ਦੇਸ਼ ਦੀਆਂ ਸੰਵਿਧਾਨਕ ਅਦਾਲਤਾਂ ਦੀ ਪ੍ਰਧਾਨਗੀ ਕੀਤੀ ਹੈ। ਉਹ ਹੈਦਰਾਬਾਦ ਸਥਿਤ ਇੰਟਰਨੈਸ਼ਨਲ ਆਰਬਿਟਰੇਸ਼ਨ ਐਂਡ ਮੀਡੀਏਸ਼ਨ ਸੈਂਟਰ ਦੇ ਟਰੱਸਟੀ ਬੋਰਡ ਦੇ ਮੈਂਬਰ ਵੀ ਹਨ। ਉਹ ਉਸਮਾਨੀਆ ਯੂਨੀਵਰਸਿਟੀ ਦੇ ਕਾਨੂੰਨੀ ਸਲਾਹਕਾਰ ਤੇ ਵਕੀਲ ਰਹੇ ਹਨ। ਉਹ 21 ਅਗਸਤ ਨੂੰ ਆਪਣੀ ਨਾਮਜ਼ਦਗੀ ਦਾਖ਼ਲ ਕਰਨਗੇ।
ਵਿਰੋਧੀ ਧਿਰਾਂ ਦੇ ਗੱਠਜੋੜ ਵੱਲੋਂ ਬੁੱਧਵਾਰ ਦੁਪਹਿਰ ਨੂੰ ਸੰਵਿਧਾਨ ਸਦਨ (ਪੁਰਾਣੇ ਸੰਸਦ ਭਵਨ) ਦੇ ਕੇਂਦਰੀ ਹਾਲ ਵਿੱਚ ਮੀਟਿੰਗ ਕੀਤੀ ਜਾਵੇਗੀ। ਖੜਗੇ ਨੇ ਕਿਹਾ, ‘‘ਇੰਡੀਆ ਗੱਠਜੋੜ ਦੀਆਂ ਸਾਰੀਆਂ ਪਾਰਟੀਆਂ ਨੇ ਸਾਂਝਾ ਉਮੀਦਵਾਰ ਚੁਣਨ ਦਾ ਫੈਸਲਾ ਕੀਤਾ ਹੈ; ਇਹ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ ਹੈ। ਮੈਨੂੰ ਖੁਸ਼ੀ ਹੈ ਕਿ ਸਾਰੀਆਂ ਵਿਰੋਧੀ ਧਿਰਾਂ ਇੱਕ ਨਾਮ ’ਤੇ ਸਹਿਮਤ ਹੋ ਗਈਆਂ। ਇਹ ਲੋਕਤੰਤਰ ਲਈ ਵੱਡੀ ਉਪਲੱਬਧੀ ਹੈ।’’ ਉਨ੍ਹਾਂ ਕਿਹਾ, ‘‘ਜਦੋਂ ਵੀ ਲੋਕਤੰਤਰ ਅਤੇ ਸੰਵਿਧਾਨ ’ਤੇ ਹਮਲਾ ਹੁੰਦਾ ਹੈ, ਵਿਰੋਧੀ ਧਿਰਾਂ ਇਕਜੁੱਟ ਹੋ ਕੇ ਉਸਦਾ ਮੁਕਾਬਲਾ ਕਰਦੀਆਂ ਹਨ। ਇਸੇ ਲਈ ਅਸੀਂ ਇਸ ਚੋਣ ਵਿੱਚ ਇੱਕ ਚੰਗਾ ਉਮੀਦਵਾਰ ਮੈਦਾਨ ਵਿੱਚ ਉਤਾਰਨ ਦਾ ਫ਼ੈਸਲਾ ਕੀਤਾ ਹੈ।’’
ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਖੜਗੇ ਨੇ ਕਿਹਾ ਕਿ ਰੈਡੀ ਭਾਰਤ ਦੇ ਸਭ ਤੋਂ ਸਤਿਕਾਰਿਤ ਅਤੇ ਪ੍ਰਗਤੀਸ਼ੀਲ ਕਾਨੂੰਨਘਾੜਿਆਂ ਵਿੱਚੋਂ ਇੱਕ ਹਨ। ਕਾਂਗਰਸ ਆਗੂ ਨੇ ਕਿਹਾ, ‘‘ਉਨ੍ਹਾਂ ਦਾ ਕਾਨੂੰਨੀ ਕਰੀਅਰ ਲੰਬਾ ਅਤੇ ਵਿਲੱਖਣ ਰਿਹਾ ਹੈ। ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਜੱਜ, ਗੁਹਾਟੀ ਹਾਈ ਕੋਰਟ ਦੇ ਮੁੱਖ ਜੱਜ ਅਤੇ ਸੁਪਰੀਮ ਕੋਰਟ ਦੇ ਜੱਜ ਵਜੋਂ ਉਹ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਦੇ ਲਗਾਤਾਰ ਸਾਹਸੀ ਸਮਰਥਕ ਰਹੇ ਹਨ।’’
ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਪ ਰਾਸ਼ਟਰਪਤੀ ਦੀ ਚੋਣ ਇੱਕ ‘ਵਿਚਾਰਧਾਰਕ ਲੜਾਈ’ ਹੈ ਅਤੇ ਇਸੇ ਲਈ ਸਾਰੀਆਂ ਵਿਰੋਧੀ ਧਿਰਾਂ ਇਕਜੁੱਟ ਹੋ ਕੇ ਚੋਣ ਲੜ ਰਹੀਆਂ ਹਨ। -ਪੀਟੀਆਈ
‘ਆਪ’ ਨੇ ਵੀ ਰੈਡੀ ਦੇ ਨਾਂ ਦਾ ਸਮਰਥਨ ਕੀਤਾ: ਡੈਰੇਕ
ਤ੍ਰਿਣਮੂਲ ਕਾਂਗਰਸ ਦੇ ਨੇਤਾ ਡੈਰੇਕ ਓ’ਬਰਾਇਨ ਅਨੁਸਾਰ, ਹਾਲ ਹੀ ਵਿੱਚ ‘ਇੰਡੀਆ’ ਗੱਠਜੋੜ ਤੋਂ ਵੱਖ ਹੋਈ ਆਮ ਆਦਮੀ ਪਾਰਟੀ (ਆਪ) ਵੀ ਉਪ ਰਾਸ਼ਟਰਪਤੀ ਚੋਣ ਲਈ ਬੀ ਸੁਦਰਸ਼ਨ ਰੈਡੀ ਦਾ ਸਮਰਥਨ ਕਰ ਰਹੀ ਹੈ। ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਨੇ ਮਹਾਰਾਸ਼ਟਰ ਦੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੂੰ ਉਪ ਰਾਸ਼ਟਰਪਤੀ ਚੋਣ ਲਈ ਆਪਣਾ ਉਮੀਦਵਾਰ ਬਣਾਇਆ ਹੈ। ਉਹ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਪਿਛੋਕੜ ਵਾਲੇ ਤਾਮਿਲਨਾਡੂ ਦੇ ਇੱਕ ਤਜਰਬੇਕਾਰ ਭਾਜਪਾ ਨੇਤਾ ਹਨ। -ਪੀਟੀਆਈ