ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਅਸਤੀਫ਼ਾ: ਹੁਣ ਅੱਗੇ ਕੀ...
ਜਗਦੀਪ ਧਨਖੜ ਵੱਲੋਂ ਉਪ-ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇਣ ਨਾਲ ਉਨ੍ਹਾਂ ਦੇ ਉੱਤਰਾਧਿਕਾਰੀ ਦੀ ਨਿਯੁਕਤੀ ਲਈ ਚੋਣ ‘ਜਿੰਨੀ ਛੇਤੀ ਹੋ ਸਕੇ’ ਕਰਵਾਉਣੀ ਹੋਵੇਗੀ। ਸੰਵਿਧਾਨ ਦੇ ਅਨੁਛੇਦ 68 ਦੇ ਭਾਗ 2 ਅਨੁਸਾਰ ਉਪ-ਰਾਸ਼ਟਰਪਤੀ ਦੇ ਅਹੁਦੇ ’ਤੇ ਉਨ੍ਹਾਂ ਦੀ ਮੌਤ, ਅਸਤੀਫ਼ਾ ਜਾਂ ਹਟਾਏ ਜਾਣ ਕਾਰਨ ਜਾਂ ਕਿਸੇ ਹੋਰ ਕਾਰਨ ਖਾਲੀ ਪਈ ਅਹੁਦੇ ਨੂੰ ਭਰਨ ਲਈ ਚੋਣ ‘ਜਿੰਨੀ ਛੇਤੀ ਹੋ ਸਕੇ’ ਕੀਤੀ ਜਾਵੇਗੀ। ਖਾਲੀ ਅਹੁੁਦੇ ਨੂੰ ਭਰਨ ਲਈ ਚੁਣਿਆ ਗਿਆ ਵਿਅਕਤੀ ‘ਅਹੁਦਾ ਸੰਭਾਲਣ ਦੀ ਮਿਤੀ ਤੋਂ ਪੰਜ ਸਾਲਾਂ ਦੇ ਪੂਰੇ ਕਾਰਜਕਾਲ ਲਈ’ ਹੱਕਦਾਰ ਹੋਵੇਗਾ।
ਸੰਵਿਧਾਨ ਇਸ ਬਾਰੇ ਖਾਮੋਸ਼ ਹੈ ਕਿ ਉਪ ਰਾਸ਼ਟਰਪਤੀ ਦੀ ਮੌਤ ਜਾਂ ਅਸਤੀਫ਼ਾ ਦੇਣ ਦੀ ਸਥਿਤੀ ਵਿੱਚ, ਜਾਂ ਜਦੋਂ ਉਪ ਰਾਸ਼ਟਰਪਤੀ ਭਾਰਤ ਦੇ ਰਾਸ਼ਟਰਪਤੀ ਵਜੋਂ ਕੰਮ ਕਰਦਾ ਹੈ, ਤਾਂ ਉਪ ਰਾਸ਼ਟਰਪਤੀ ਦੇ ਫਰਜ਼ ਕੌਣ ਨਿਭਾਉਂਦਾ ਹੈ। ਉਪ ਰਾਸ਼ਟਰਪਤੀ ਦੇਸ਼ ਦਾ ਦੂਜਾ ਸਭ ਤੋਂ ਉੱਚਾ ਸੰਵਿਧਾਨਕ ਅਹੁਦਾ ਹੈ। ਉਹ ਪੰਜ ਸਾਲਾਂ ਦੇ ਕਾਰਜਕਾਲ ਲਈ ਸੇਵਾ ਨਿਭਾਉਂਦੇ ਹਨ, ਪਰ ਕਾਰਜਕਾਲ ਖ਼ਤਮ ਹੋਣ ਦੇ ਬਾਵਜੂਦ ਆਪਣੇ ਉੱਤਰਾਧਿਕਾਰੀ ਦੀ ਚੋਣ ਤੱਕ ਅਹੁਦੇ ’ਤੇ ਬਣੇ ਰਹਿ ਸਕਦੇ ਹਨ।
ਸੰਵਿਧਾਨ ਵਿੱਚ ਇੱਕੋ ਇੱਕ ਉਪਬੰਧ ਰਾਜ ਸਭਾ ਦੇ ਚੇਅਰਪਰਸਨ ਵਜੋਂ ਉਪ ਰਾਸ਼ਟਰਪਤੀ ਦੇ ਕਾਰਜ ਦੇ ਸਬੰਧ ਵਿੱਚ ਹੈ।
ਉਪ ਰਾਸ਼ਟਰਪਤੀ ਦਾ ਅਹੁਦਾ ਖਾਲੀ ਹੋਣ ਦੀ ਸਥਿਤੀ ਵਿਚ ਰਾਜ ਸਭਾ ਦੀ ਕਾਰਵਾਈ ਨੂੰ ਉਪ ਚੇਅਰਪਰਸਨ ਜਾਂ ਭਾਰਤ ਦੇ ਰਾਸ਼ਟਰਪਤੀ ਵੱਲੋਂ ਅਧਿਕਾਰਤ ਰਾਜ ਸਭਾ ਦੇ ਕਿਸੇ ਹੋਰ ਮੈਂਬਰ ਵੱਲੋਂ ਚਲਾਇਆ ਜਾ ਸਕਦਾ ਹੈ। ਉਪ ਰਾਸ਼ਟਰਪਤੀ ਆਪਣਾ ਅਸਤੀਫ਼ਾ ਰਾਸ਼ਟਰਪਤੀ ਨੂੰ ਸੌਂਪ ਕੇ ਆਪਣਾ ਅਹੁਦਾ ਖਾਲੀ ਕਰ ਸਕਦਾ ਹੈ। ਅਸਤੀਫਾ ਉਸ ਦਿਨ ਤੋਂ ਪ੍ਰਭਾਵੀ ਹੋ ਜਾਂਦਾ ਹੈ ਜਿਸ ਦਿਨ ਇਸ ਨੂੰ ਸਵੀਕਾਰ ਕੀਤਾ ਜਾਂਦਾ ਹੈ।
ਉਪ ਰਾਸ਼ਟਰਪਤੀ ਰਾਜ ਸਭਾ ਦਾ ex-officio ਚੇਅਰਪਰਸਨ (ਉਪ ਰਾਸ਼ਟਰਪਤੀ ਹੋਣ ਕਾਰਨ ਰਾਜ ਸਭਾ ਦੇ ਚੇਅਰਪਰਸਨ ਦਾ ਅਹੁਦਾ ਸੰਭਾਲਦਾ ਹੈ) ਹੁੰਦਾ ਹੈ ਅਤੇ ਉਹ ਕੋਈ ਹੋਰ ਲਾਭ ਦਾ ਅਹੁਦਾ ਨਹੀਂ ਰੱਖਦਾ। ਕਿਸੇ ਵੀ ਸਮੇਂ ਦੌਰਾਨ ਜਦੋਂ ਉਪ ਰਾਸ਼ਟਰਪਤੀ ਰਾਸ਼ਟਰਪਤੀ ਵਜੋਂ ਕੰਮ ਕਰਦਾ ਹੈ ਜਾਂ ਕਾਰਜ ਕਰਦਾ ਹੈ, ਉਹ ਰਾਜ ਸਭਾ ਦੇ ਚੇਅਰਪਰਸਨ ਦੇ ਅਹੁਦੇ ਦੇ ਫਰਜ਼ ਨਹੀਂ ਨਿਭਾਉਂਦਾ ਅਤੇ ਉੱਚ ਸਦਨ ਦੇ ਚੇਅਰਪਰਸਨ ਨੂੰ ਦੇਣ ਯੋਗ ਕਿਸੇ ਵੀ ਤਨਖਾਹ ਜਾਂ ਭੱਤੇ ਦਾ ਹੱਕਦਾਰ ਨਹੀਂ ਹੁੰਦਾ।
ਸੰਵਿਧਾਨ ਦੇ ਅਨੁਛੇਦ 66 ਅਨੁਸਾਰ, ਉਪ ਰਾਸ਼ਟਰਪਤੀ ਦੀ ਚੋਣ ਸੰਸਦ ਦੇ ਦੋਵਾਂ ਸਦਨਾਂ ਦੇ ਮੈਂਬਰਾਂ ਵਾਲੇ ਇਲੈਕਟੋਰਲ ਕਾਲਜ ਦੇ ਮੈਂਬਰਾਂ ਵੱਲੋਂ ਇਕੱਲੇ ਤਬਾਦਲਾਯੋਗ ਵੋਟ ਜ਼ਰੀਏ ਅਨੁਪਾਤਕ ਪ੍ਰਤੀਨਿਧਤਾ ਪ੍ਰਣਾਲੀ ਅਨੁਸਾਰ ਕੀਤੀ ਜਾਂਦੀ ਹੈ। ਕੋਈ ਵੀ ਵਿਅਕਤੀ ਉਦੋਂ ਤੱਕ ਉਪ ਰਾਸ਼ਟਰਪਤੀ ਨਹੀਂ ਚੁਣਿਆ ਜਾ ਸਕਦਾ ਜਦੋਂ ਤੱਕ ਉਹ ਭਾਰਤ ਦਾ ਨਾਗਰਿਕ ਨਾ ਹੋਵੇ, 35 ਸਾਲ ਦੀ ਉਮਰ ਪੂਰੀ ਨਾ ਕਰ ਲਵੇ, ਅਤੇ ਰਾਜ ਸਭਾ ਦੇ ਮੈਂਬਰ ਵਜੋਂ ਚੋਣ ਲਈ ਯੋਗ ਨਾ ਹੋਵੇ।
ਕੋਈ ਵਿਅਕਤੀ ਜੇਕਰ ਉਹ ਭਾਰਤ ਸਰਕਾਰ, ਰਾਜ ਸਰਕਾਰ, ਜਾਂ ਕਿਸੇ ਅਧੀਨ ਸਥਾਨਕ ਅਥਾਰਟੀ ਦੇ ਅਧੀਨ ਕੋਈ ਲਾਭ ਦਾ ਅਹੁਦਾ ਰੱਖਦਾ ਹੈ, ਤਾਂ ਉਹ ਯੋਗ ਨਹੀਂ ਹੈ।