ਉਪ ਰਾਸ਼ਟਰਪਤੀ: ਇੰਡੀਆ ਗੱਠਜੋੜ ਅੱਜ ਕਰੇਗਾ ਉਮੀਦਵਾਰ ਬਾਰੇ ਫ਼ੈਸਲਾ
ਵਿਰੋਧੀ ਪਾਰਟੀਆਂ ਦੇ ਆਗੂ 9 ਸਤੰਬਰ ਨੂੰ ਹੋਣ ਵਾਲੀ ਉਪ ਰਾਸ਼ਟਰਪਤੀ ਦੀ ਚੋਣ ਵਿੱਚ ਦੋ ਤਾਮਿਲ ਹਸਤੀਆਂ ਵਿਚਾਲੇ ਮੁਕਾਬਲਾ ਬਣਾਉਣ ਦੀ ਸੰਭਾਵਨਾ ਬਾਰੇ ਵਿਚਾਰ ਕਰ ਰਹੇ ਹਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਸ਼ਾਮ ਆਪਣੀ ਰਿਹਾਇਸ਼ ’ਤੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਦੇ ਨਾਂ ਬਾਰੇ ਚਰਚਾ ਕਰਨ ਲਈ ਮੀਟਿੰਗ ਕੀਤੀ। 19 ਅਗਸਤ ਨੂੰ ਇੱਕ ਹੋਰ ਮੀਟਿੰਗ ਹੋਵੇਗੀ ਜਿਸ ’ਚ ਗੱਠਜੋੜ ਦੇ ਉਮੀਦਵਾਰ ਬਾਰੇ ਆਖਰੀ ਫ਼ੈਸਲਾ ਲਿਆ ਜਾਵੇਗਾ।ਸੂਤਰਾਂ ਨੇ ਅੱਜ ਦੱਸਿਆ ਕਿ ਡੀਐੱਮਕੇ ਨੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨਾਲ ਕੰਮ ਕਰ ਚੁੱਕੇ ਪ੍ਰਸਿੱਧ ਵਿਗਿਆਨੀ ਮਾਇਲਸਵਾਮੀ ਅੰਨਾਦੁਰਾਈ ਦਾ ਨਾਮ ਇਸ ਅਹੁਦੇ ਲਈ ਪ੍ਰਸਤਾਵਿਤ ਕੀਤਾ ਹੈ। ਇੱਕ ਹੋਰ ਸੂਤਰ ਨੇ ਕਿਹਾ ਕਿ ਰਾਜ ਸਭਾ ਵਿੱਚ ਡੀਐੱਮਕੇ ਦੇ ਆਗੂ ਤਿਰੁਚੀ ਸ਼ਿਵਾ ਦਾ ਨਾਮ ਵੀ ਚਰਚਾ ਵਿੱਚ ਹੈ। ਹਾਲਾਂਕਿ ਅਜੇ ਕੁਝ ਵੀ ਅੰਤਿਮ ਨਹੀਂ ਹੈ ਅਤੇ ਸਾਰੇ ਨਾਂ ਸਿਰਫ਼ ਵਿਚਾਰ-ਵਟਾਂਦਰੇ ਅਧੀਨ ਹਨ। ਇਸ ਸਬੰਧੀ ਸ਼ਿਵਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਲੀਡਰਸ਼ਿਪ ਹੀ ਅੱਗੇ ਦਾ ਰਾਹ ਤੈਅ ਕਰੇਗੀ।
ਖੜਗੇ ਦੇ ਘਰ ਹੋਈ ਮੀਟਿੰਗ ਵਿੱਚ ਕਾਂਗਰਸ ਸੰਸਦੀ ਪਾਰਟੀ ਦੀ ਮੁਖੀ ਸੋਨੀਆ ਗਾਂਧੀ ਅਤੇ ਹੋਰ ਵਿਰੋਧੀ ਆਗੂ ਸ਼ਾਮਲ ਹੋਏ, ਜਦਕਿ ਡੀਐੱਮਕੇ ਮੁਖੀ ਐੱਮਕੇ ਸਟਾਲਿਨ ਅਤੇ ਟੀਐੱਮਸੀ ਮੁਖੀ ਮਮਤਾ ਬੈਨਰਜੀ ਦੇ ਆਨਲਾਈਨ ਸ਼ਾਮਲ ਹੋਣ ਦੀ ਖ਼ਬਰ ਹੈ। ਐੱਨਡੀਏ ਵੱਲੋਂ ਮਹਾਰਾਸ਼ਟਰ ਦੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੂੰ ਆਪਣਾ ਉਪ-ਰਾਸ਼ਟਰਪਤੀ ਐਲਾਨੇ ਜਾਣ ਮਗਰੋਂ ਇਹ ਮੀਟਿੰਗ ਕੀਤੀ ਗਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਐੱਨਡੀਏ ਉਮੀਦਵਾਰ ’ਤੇ ਸਹਿਮਤੀ ਬਣਾਉਣ ਲਈ ਖੜਗੇ ਨੂੰ ਫੋਨ ਕੀਤਾ ਸੀ।
ਤਾਮਿਲਨਾਡੂ ਵਿੱਚ ਅਗਲੇ ਸਾਲ ਚੋਣਾਂ ਹੋਣੀਆਂ ਹਨ। ਚੇਨੱਈ ਵਿੱਚ ਡੀਐੱਮਕੇ ਨੇਤਾ ਟੀਕੇਐਸ ਐਲੰਗੋਵਨ ਨੇ ਭਾਜਪਾ ’ਤੇ ਰਾਧਾਕ੍ਰਿਸ਼ਨਨ ਨੂੰ ਨਾਮਜ਼ਦ ਕਰਕੇ ਤਾਮਿਲ ਨਾਡੂ ਵਿੱਚ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ।