ਉੱਘੀ ਅਦਾਕਾਰਾ ਮਧੂਮਤੀ ਦਾ ਦੇਹਾਂਤ
ਉੱਘੀ ਅਦਾਕਾਰਾ ਤੇ ਨ੍ਰਿਤਕੀ ਮਧੂਮਤੀ (Madhumati) ਦਾ ਉਮਰ ਸਬੰਧੀ ਸਮੱਸਿਆਵਾਂ ਕਾਰਨ ਦੇਹਾਂਤ ਹੋ ਗਿਆ। ਉਹ 84 ਸਾਲਾਂ ਦੀ ਸੀ। ਉਸ ਦੇ ਨੇੜਲੇ ਸਹਿਯੋਗੀ ਨੇ ਅੱਜ ਦੱਸਿਆ ਕਿ ਮਧੂਮਤੀ ਨੇ ਜੁਹੂ ਸਥਿਤ ਆਪਣੇ ਘਰ ਵਿੱਚ ਆਖ਼ਰੀ ਸਾਹ ਲਿਆ। ਉਸ ਦਾ ਬਚਪਨ ਦਾ ਨਾਮ ਹੁਤੌਕਸੀ ਰਿਪੋਰਟਰ (Hutoxi Reporter) ਸੀ। ਅਦਾਕਾਰਾ ਨੇ ਦਿਲੀਪ ਕੁਮਾਰ ਦੀ ‘ਮਧੂਮਤੀ’ ਫਿਲਮ ਰਿਲੀਜ਼ ਹੋਣ ਮਗਰੋਂ ਆਪਣਾ ਨਾਮ ਬਦਲ ਲਿਆ। ਉਸ ਨੇ 1950-60ਵੇਂ ਦਹਾਕੇ ਦੌਰਾਨ ਨ੍ਰਿਤ ਵਿੱਚ ਨਾਮਣਾ ਖੱਟਿਆ। ਉਹ ਅਕਸ਼ੈ ਕੁਮਾਰ, ਚੰਕੀ ਪਾਂਡੇ, ਤੱਬੂ ਅਤੇ ਸੋਨਮ ਕਪੂਰ ਵਰਗੇ ਬੌਲੀਵੁੱਡ ਸਿਤਾਰਿਆਂ ਦੀ ਡਾਂਸ ਗੁਰੂ ਸੀ। ਮਧੂਮਤੀ ਦੇ ਨਜ਼ਦੀਕੀ ਸਹਿਯੋਗੀ ਤੇ ਪੱਤਰਕਾਰ ਚੈਤੰਨਿਆ ਪਾਦੂਕੋਣ ਨੇ ਕਿਹਾ ਕਿ ਅਦਾਕਾਰਾ ਨੇ ਬੁੱਧਵਾਰ ਸਵੇਰੇ ਆਖ਼ਰੀ ਸਾਹ ਲਿਆ। ਉਨ੍ਹਾਂ ਦੇ ਪਤੀ (ਦੀਪਕ ਮਨੋਹਰ) ਦਾ ਕਈ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਕੋਈ ਔਲਾਦ ਨਹੀਂ ਸੀ। ਉਹ ਘਰ ਵਿੱਚ ਇਕੱਲੀ ਰਹਿ ਰਹੀ ਸੀ ਅਤੇ ਦੇਖ-ਭਾਲ ਲਈ ਕੇਅਰਟੇਕਰ ਰੱਖੀ ਹੋਈ ਸੀ। ਉਹ ‘ਮਾ’ (Madhumati Acting Academy) ਵੀ ਚਲਾਉਂਦੀ ਸੀ। ਅਕਸ਼ੈ ਕੁਮਾਰ, ਵਿੰਦੂ ਦਾਰਾ ਸਿੰਘ ਤੇ ਬੌਲੀਵੁੱਡ ਦੇ ਹੋਰ ਅਦਾਕਾਰਾਂ ਨੇ ਮਧੂਮਤੀ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕੀਤਾ।