Very Large Gas Carrier ‘Shivalik': ਦੇਸ਼ ਦਾ ਪਹਿਲਾ ਬਹੁਤ ਵੱਡਾ ਗੈਸ ਕੈਰੀਅਰ ‘ਸ਼ਿਵਾਲਿਕ’ ਵਿਸ਼ਾਖਾਪਟਨਮ ਬੰਦਰਗਾਹ ਪੁੱਜਾ
ਕੇਂਦਰੀ ਮੰਤਰੀ ਸਰਬਨੰਦ ਸੋਨੋਵਾਲ ਨੇ ਸੋਮਵਾਰ ਨੂੰ ਭਾਰਤ ਦੇ ਪਹਿਲੇ ਬਹੁਤ ਵੱਡੇ ਗੈਸ ਕੈਰੀਅਰ (VLGC) 'ਸ਼ਿਵਾਲਿਕ' ਦੇ ਵਿਸ਼ਾਖਾਪਟਨਮ ਬੰਦਰਗਾਹ ’ਤੇ ਪਹਿਲੀ ਵਾਰ ਆਉਣ ’ਤੇ ਰਸਮੀ ਸਵਾਗਤ ਕੀਤਾ। ਇਹ ਜਹਾਜ਼ ਜਿਸ ਨੂੰ ਸ਼ਿਪਿੰਗ ਕਾਰਪੋਰੇਸ਼ਨ ਆਫ਼ ਇੰਡੀਆ (SCI) ਵੱਲੋਂ 10 ਸਤੰਬਰ ਨੂੰ ਭਾਰਤੀ ਝੰਡੇ ਹੇਠ ਸ਼ਾਮਲ ਕੀਤਾ ਗਿਆ ਸੀ, ਦੇਸ਼ ਦੇ ਸਮੁੰਦਰੀ ਤੇ ਊਰਜਾ ਢੋਆ-ਢੁਆਈ ਵਿੱਚ ਇੱਕ ਅਹਿਮ ਮੀਲ ਪੱਥਰ ਹੈ।
ਬੰਦਰਗਾਹਾਂ, ਸ਼ਿਪਿੰਗ ਅਤੇ ਜਲ ਮਾਰਗਾਂ ਬਾਰੇ ਕੇਂਦਰੀ ਮੰਤਰੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ‘ਵਿਸ਼ਾਖਾਪਟਨਮ ਬੰਦਰਗਾਹ ’ਤੇ ਭਾਰਤ ਦੇ ਪਹਿਲੇ ਬਹੁਤ ਵੱਡੇ ਗੈਸ ਕੈਰੀਅਰ (VLGC) ‘ਸ਼ਿਵਾਲਿਕ’ ਦਾ ਸੁਆਗਤ ਹੈ... ਭਾਰਤੀ ਝੰਡੇ ਹੇਠ 'ਸ਼ਿਵਾਲਿਕ' ਨੂੰ ਸ਼ਾਮਲ ਕਰਨਾ ਇੱਕ ਮਾਣ ਵਾਲਾ ਮੀਲ ਪੱਥਰ ਹੈ, ਜੋ ਭਾਰਤ ਦੇ ਸਮੁੰਦਰੀ ਵਿਕਾਸ ਨੂੰ ਦਰਸਾਉਂਦਾ ਹੈ ਅਤੇ ਆਤਮ-ਨਿਰਭਰ ਭਾਰਤ ਤੇ ਮੈਰੀਟਾਈਮ ਇੰਡੀਆ ਵਿਜ਼ਨ 2030 ਦੇ ਅਨੁਸਾਰ ਹੈ।" ਉਨ੍ਹਾਂ ਐਸ ਸੀ ਆਈ ਟੀਮ ਨੂੰ ਵਧਾਈ ਦਿੱਤੀ ਅਤੇ ਜਹਾਜ਼ ਦੇ ਪਹਿਲੀ ਐਲ ਪੀ ਜੀ ਖੇਪ ਨੂੰ ਸੰਭਾਲਣ ਦੌਰਾਨ ਸੁਚਾਰੂ ਕਾਰਵਾਈਆਂ ਲਈ ਵਿਸ਼ਾਖਾਪਟਨਮ ਪੋਰਟ ਅਥਾਰਟੀ (VPA) ਦੀ ਸ਼ਲਾਘਾ ਕੀਤੀ। 'ਸ਼ਿਵਾਲਿਕ' ਦੀ ਆਮਦ ਭਾਰਤ ਸਰਕਾਰ ਦੇ ਆਤਮ-ਨਿਰਭਰ ਭਾਰਤ ਬਾਰੇ ਦ੍ਰਿਸ਼ਟੀਕੋਣ ਅਤੇ ਮੈਰੀਟਾਈਮ ਇੰਡੀਆ ਵਿਜ਼ਨ 2030 ਅਨੁਸਾਰ ਹੈ, ਜੋ ਸ਼ਿਪਿੰਗ ਖੇਤਰ ਵਿੱਚ ਆਤਮ-ਨਿਰਭਰਤਾ ਅਤੇ ਸਵਦੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰਦੀ ਹੈ। ਸੋਨੋਵਾਲ ਨੇ 'ਸ਼ਿਵਾਲਿਕ' ਦੇ ਕਰੂ (crew) ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਭਾਰਤ ਦੀ ਸਮੁੰਦਰੀ ਪ੍ਰਗਤੀ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।