ਜੰਮੂ ਕਸ਼ਮੀਰ: ਤਿੰਨ ਹਫ਼ਤਿਆਂ ਮਗਰੋਂ ਸ਼ੁਰੂ ਹੋਈ ਵੈਸ਼ਨੋ ਦੇਵੀ ਯਾਤਰਾ ਮੁੜ ਮੁਲਤਵੀ
ਢਿੱਗਾਂ ਡਿੱਗਣ ਅਤੇ ਲਗਾਤਾਰ ਜ਼ੋਰਦਾਰ ਮੀਂਹ ਕਾਰਨ 22 ਦਿਨਾਂ ਤੱਕ ਮੁਲਤਵੀ ਰਹਿਣ ਮਗਰੋਂ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਤ੍ਰਿਕੁਟਾ ਪਹਾੜੀਆਂ ’ਤੇ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਦੀ ਤੀਰਥਯਾਤਰਾ ਬੁੱਧਵਾਰ ਨੂੰ ਮੁੜ ਸ਼ੁਰੂ ਹੋਣ ਨਾਲ ਸ਼ਰਧਾਲੂਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਹਾਲਾਂਕਿ, ਅਧਿਕਾਰੀਆਂ ਨੇ ਕਿਹਾ ਕਿ ਇਹ ਖੁਸ਼ੀ ਜ਼ਿਆਦਾ ਚਿਰ ਨਹੀਂ ਰਹੀ ਕਿਉਂਕਿ ਦਿਨ ਵਿੱਚ 2,500 ਤੀਰਥਯਾਤਰੀਆਂ ਨੂੰ ਇਜ਼ਾਜਤ ਦੇਣ ਮਗਰੋਂ ਅੱਜ ਸ਼ਾਮ ਨੂੰ ਖ਼ਰਾਬ ਮੌਸਮ ਕਾਰਨ ਯਾਤਰਾ ਮੁੜ ਮੁਅੱਤਲ ਕਰ ਦਿੱਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਭਾਰੀ ਢਿੱਗਾਂ ਡਿੱਗਣ ਕਾਰਨ ਯਾਤਰਾ 22 ਦਿਨ ਤੱਕ ਮੁਅੱਤਲ ਰਹੀ ਸੀ। ਇਸ ਦੌਰਾਨ 34 ਜਣਿਆਂ ਦੀ ਮੌਤ ਹੋ ਗਈ ਸੀ ਅਤੇ 20 ਜ਼ਖਮੀ ਹੋ ਗਏ ਸਨ।
ਸ੍ਰੀਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ (SMVDSB) ਨੇ ਅੱਜ ਸਵੇਰੇ ਮੌਸਮ ਠੀਕ ਹੋਣ ਦੀ ਸਥਿਤੀ ਵਿੱਚ ਯਾਤਰਾ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ, ਜਿਸ ਨਾਲ ਕੱਟੜਾ ਸ਼ਹਿਰ ਵਿੱਚ ਡੇਰਾ ਪਾਈਂ ਬੈਠੇ ਕਈ ਸ਼ਰਧਾਲੂਆਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ। ਕੱਟੜਾ ਸ਼ਹਿਰ ਤੀਰਥਯਾਤਰੀਆਂ ਦਾ ਬੇਸ ਕੈਂਪ ਹੈ।
ਯਾਤਰਾ ਦੇ ਸ਼ੁਰੂਆਤੀ ਸਥਾਨ ਬਾਣਗੰਗਾ ਦਰਸ਼ਨੀ ਦੁਆਰ ’ਤੇ ਸੈਂਕੜੇ ਸ਼ਰਧਾਲੂ ‘ਜੈ ਮਾਤਾ ਦੀ’ ਦੇ ਜੈਕਾਰੇ ਲਗਾਉਂਦੇ ਹੋਏ ਤੜਕੇ ਹੀ ਇਕੱਤਰ ਹੋ ਗਏ ਅਤੇ ਯਾਤਰਾ ਸ਼ੁਰੂ ਹੋਣ ’ਤੇ ਬਹੁਤ ਖੁਸ਼ੀ ਅਤੇ ਰਾਹਤ ਮਹਿਸੂਸ ਕੀਤੀ। ਸ਼ਰਾਈਨ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਖਰਾਬ ਮੌਸਮ ਅਤੇ ਮੰਦਰ ਵੱਲ ਜਾਣ ਵਾਲੇ ਰਾਹ ਦੀ ਜ਼ਰੂਰੀ ਮੁਰੰਮਤ ਕਾਰਨ ਅਸਥਾਈ ਤੌਰ ’ਤੇ ਮੁਅੱਤਲ ਕੀਤੇ ਜਾਣ ਮਗਰੋਂ ਪਹਾੜੀ ’ਤੇ ਸਥਿਤ ਮੰਦਰ ਵੱਲ ਜਾਣ ਵਾਲੇ ਦੋਵਾਂ ਰਸਤਿਆਂ ਤੋਂ ਯਾਤਰਾ ਸਵੇਰੇ 6 ਵਜੇ ਮੁੜ ਸ਼ੁਰੂ ਹੋ ਗਈ।
ਹਾਲਾਂਕਿ, ਤ੍ਰਿਕੁਟਾ ਪਹਾੜੀਆਂ 'ਤੇ ਕਾਲੀਆਂ ਘਟਾਵਾਂ ਛਾਈਆਂ ਰਹਿਣ ਅਤੇ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੀ ਪੇਸ਼ੀਨਗੋਈ ਮਗਰੋਂ ਸ਼ਰਾਈਨ ਬੋਰਡ ਨੇ ਸ਼ਾਮ 5:30 ਵਜੇ ਦੇ ਕਰੀਬ ਯਾਤਰਾ ਨੂੰ ਫੌਰੀ ਮੁਅੱਤਲ ਕਰਨ ਦਾ ਐਲਾਨ ਕਰ ਦਿੱਤਾ। ਇੱਕ ਅਧਿਕਾਰੀ ਨੇ ਦੱਸਿਆ, ‘‘ਪੂਰਾ ਦਿਨ 2,500 ਤੋਂ ਵੱਧ ਸ਼ਰਧਾਲੂ ਯਾਤਰਾ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਵਿੱਚੋਂ ਕਈ ਪਹਿਲਾਂ ਹੀ ਮੰਦਰ ਵਿੱਚ ਨਤਮਸਤਕ ਹੋ ਚੁੱਕੇ ਹਨ। ਹੈਲੀਕਾਪਟਰ ਸੇਵਾ ਮੁਅੱਤਲ ਰਹੀ, ਪਰ ਬੈਟਰੀ ਕਾਰਾਂ ਆਮ ਤੌਰ ’ਤੇ ਕੰਮ ਕਰਦੀਆਂ ਰਹੀਆਂ।’’
