Vadodara bridge collapse Video: 40 ਸਾਲ ਪੁਰਾਣਾ ਪੁਲ ਢਹਿਣ ਕਾਰਨ ਵਾਹਨ ਨਦੀ ਵਿੱਚ ਡਿੱਗੇ, 9 ਮੌਤਾਂ
ਵਡੋਦਰਾ, 9 ਜੁਲਾਈ
ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ ਚਾਰ ਦਹਾਕੇ ਪੁਰਾਣੇ ਪੁਲ ਦਾ ਇੱਕ ਹਿੱਸਾ ਡਿੱਗਣ ਕਾਰਨ ਇੱਕ ਬੱਚੇ ਸਮੇਤ ਨੌਂ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਰਾਹਤ ਕਾਰਜਾਂ ਦੌਰਾਨ ਨੌਂ ਹੋਰਾਂ ਨੂੰ ਬਚਾ ਲਿਆ ਗਿਆ।
ਸੁਪਰਡੈਂਟ ਆਫ ਪੁਲਿਸ (ਵਡੋਦਰਾ ਦਿਹਾਤੀ) ਰੋਹਨ ਆਨੰਦ ਨੇ ਦੱਸਿਆ ਕਿ ਮੱਧ ਗੁਜਰਾਤ ਨੂੰ ਰਾਜ ਦੇ ਸੌਰਾਸ਼ਟਰ ਖੇਤਰ ਨਾਲ ਜੋੜਦੇ ਮਾਹੀਸਾਗਰ ਨਦੀ ’ਤੇ ਸਥਿਤ ਗੰਭੀਰਾ ਪੁਲ ਦਾ ਇੱਕ ਹਿੱਸਾ ਡਿੱਗਣ ਕਾਰਨ ਨੌਂ ਲੋਕਾਂ ਦੀ ਮੌਤ ਹੋ ਗਈ। ਇਹ ਪੁਲ ਜ਼ਿਲ੍ਹੇ ਦੇ ਪਦਰਾ ਕਸਬੇ ਨੇੜੇ ਸਥਿਤ ਸੀ।
ਆਨੰਦ ਨੇ ਕਿਹਾ, ‘‘ਵੇਰਵਿਆਂ ਅਨੁਸਾਰ ਲਗਪਗ ਨੌਂ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਨੌਂ ਹੋਰ ਵਿਅਕਤੀਆਂ ਨੂੰ ਬਚਾ ਲਿਆ ਗਿਆ ਹੈ, ਜਿਨ੍ਹਾਂ ਵਿੱਚੋਂ ਪੰਜ ਨੂੰ ਵਡੋਦਰਾ ਦੇ ਐੱਸਐੱਸਜੀ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ। ਬਚਾਏ ਗਏ ਵਿਅਕਤੀਆਂ ਵਿੱਚੋਂ ਕੋਈ ਵੀ ਗੰਭੀਰ ਹਾਲਤ ਵਿੱਚ ਨਹੀਂ ਹੈ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹੈ।"
ਉਨ੍ਹਾਂ ਦੱਸਿਆ ਕਿ ਸਵੇਰੇ ਕਰੀਬ 7.30 ਵਜੇ ਪੁਲ ਦਾ 10 ਤੋਂ 15 ਮੀਟਰ ਲੰਬਾ ਸਲੈਬ ਡਿੱਗ ਗਿਆ। ਵਡੋਦਰਾ ਦੇ ਕੁਲੈਕਟਰ ਅਨਿਲ ਧਾਮੇਲੀਆ ਨੇ ਦੱਸਿਆ ਕਿ ਪੁਲ ਡਿੱਗਣ ਤੋਂ ਬਾਅਦ ਪੰਜ ਵਾਹਨ ਦੋ ਟਰੱਕ, ਦੋ ਵੈਨਾਂ ਅਤੇ ਇੱਕ ਆਟੋਰਿਕਸ਼ਾ ਨਦੀ ਵਿੱਚ ਡਿੱਗ ਗਏ।
ਕੁਲੈਕਟਰ ਨੇ ਕਿਹਾ ਕਿ ਦੋ ਹੋਰ ਵਾਹਨ ਜੋ ਖਤਰਨਾਕ ਤੌਰ ’ਤੇ ਡਿੱਗਣ ਦੇ ਨੇੜੇ ਆ ਗਏ ਸਨ, ਨੂੰ ਸੁਰੱਖਿਅਤ ਥਾਂ ’ਤੇ ਲਿਜਾਇਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਇੱਕ ਦੋਪਹੀਆ ਵਾਹਨ ’ਤੇ ਸਵਾਰ ਤਿੰਨ ਵਿਅਕਤੀ ਨਦੀ ਵਿੱਚ ਡਿੱਗ ਗਏ ਸਨ, ਜੋ ਤੈਰ ਕੇ ਸੁਰੱਖਿਅਤ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ।
ਪੀਐਮਓ ਨੇ ਇੱਕ ਐਕਸ ਪੋਸਟ ਵਿੱਚ ਲਿਖਿਆ,‘‘ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਵਿੱਚ ਇੱਕ ਪੁਲ ਢਹਿਣ ਕਾਰਨ ਹੋਏ ਜਾਨੀ ਨੁਕਸਾਨ ਬਹੁਤ ਦੁਖਦਾਈ ਹੈ। ਹਰੇਕ ਮ੍ਰਿਤਕ ਦੇ ਵਾਰਸਾਂ ਨੂੰ ਪੀਐਮਐਨਆਰਐਫ ਤੋਂ 2-2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦਿੱਤੀ ਜਾਵੇਗੀ ਅਤੇ ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ।’’
ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸਬੰਧਤ ਵਿਭਾਗ ਨੂੰ ਜਾਂਚ ਕਰਨ ਅਤੇ ਰਿਪੋਰਟ ਪੇਸ਼ ਕਰਨ ਦਾ ਹੁਕਮ ਦਿੱਤਾ ਗਿਆ ਹੈ। ਉਨ੍ਹਾਂ ਨੇ X 'ਤੇ ਇੱਕ ਪੋਸਟ ਵਿੱਚ ਕਿਹਾ ਕਿ ਰਾਜ ਦੇ ਸੜਕਾਂ ਅਤੇ ਇਮਾਰਤਾਂ ਵਿਭਾਗ ਦੀਆਂ ਟੀਮਾਂ ਅਤੇ ਪੁਲ ਨਿਰਮਾਣ ਵਿੱਚ ਮੁਹਾਰਤ ਰੱਖਣ ਵਾਲੇ ਨਿੱਜੀ ਇੰਜੀਨੀਅਰਾਂ ਨੂੰ ਤੁਰੰਤ ਮੌਕੇ ’ਤੇ ਪਹੁੰਚਣ ਅਤੇ ਢਹਿਣ ਦੇ ਕਾਰਨਾਂ ਅਤੇ ਹੋਰ ਤਕਨੀਕੀ ਮਾਮਲਿਆਂ ਦੀ ਮੁੱਢਲੀ ਜਾਂਚ ਕਰਨ ਅਤੇ ਇੱਕ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। -ਪੀਟੀਆਈ