ਉੱਤਰਕਾਸ਼ੀ: ਲਾਪਤਾ ਵਿਅਕਤੀਆਂ ਦੀ ਭਾਲ ਲਈ ਰਾਹਤ ਕਾਰਜ ਜਾਰੀ
ਉੱਤਰਕਾਸ਼ੀ ਵਿੱਚ ਬੀਤੇ ਦਿਨ ਵਾਪਰੀ ਬੱਦਲ ਫਟਣ ਦੀ ਘਟਨਾ ਤੋਂ ਬਾਅਦ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ। ਉਧਰ ਬਚਾਅ ਕਰਮੀਆਂ ਨੇ ਬੁੱਧਵਾਰ ਨੂੰ ਧਰਾਲੀ ਵਿੱਚ ਹੜ੍ਹ ਦੇ ਪੀੜਤਾਂ ਦੀ ਭਾਲ ਲਈ ਆਪਣੀਆਂ ਕਾਰਵਾਈਆਂ ਮੁੜ ਸ਼ੁਰੂ ਕਰ ਦਿੱਤੀਆਂ ਹਨ।
ਮੰਗਲਵਾਰ ਦੁਪਹਿਰ ਨੂੰ ਆਏ ਅਚਾਨਕ ਹੜ੍ਹ ਕਾਰਨ ਖੂਬਸੂਰਤ ਧਰਾਲੀ ਪਿੰਡ ਦਾ ਲਗਪਗ ਅੱਧਾ ਹਿੱਸਾ ਤਬਾਹ ਹੋ ਗਿਆ। ਇਹ ਪਿੰਡ ਗੰਗੋਤਰੀ ਦੇ ਰਸਤੇ ’ਤੇ ਮੁੱਖ ਪੜਾਅ ਹੈ, ਜਿੱਥੋਂ ਗੰਗਾ ਨਦੀ ਨਿਕਲਦੀ ਹੈ। ਬੱਦਲ ਫਟਣ ਤੋਂ ਬਾਅਦ ਆਏ ਇਸ ਅਚਾਨਕ ਹੜ੍ਹ ਵਿੱਚ ਹੁਣ ਤੱਕ ਚਾਰ ਮੌਤਾਂ ਦੀ ਪੁਸ਼ਟੀ ਹੋਈ ਹੈ। ਲਗਭਗ 130 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਮਲਬੇ ਵਿੱਚੋਂ ਅਜੇ ਤੱਕ ਇੱਕ ਵੀ ਲਾਸ਼ ਨਹੀਂ ਕੱਢੀ ਜਾ ਸਕੀ ਹੈ। ਭਾਰਤੀ ਫੌਜ ਨੇ ਫਸੇ ਹੋਏ ਲੋਕਾਂ ਦੀ ਭਾਲ ਲਈ ਆਪਣੇ ਐਮਆਈ-17 (MI-17) ਅਤੇ ਚਿਨੂਕ (Chinook) ਹੈਲੀਕਾਪਟਰਾਂ ਨੂੰ ਤਾਇਨਾਤ ਕੀਤਾ ਹੈ।
ਇਸ ਹੜ੍ਹ ਵਿਚ ਘੱਟੋ-ਘੱਟ 60 ਲੋਕਾਂ ਦੇ ਲਾਪਤਾ ਹੋਣ ਬਾਰੇ ਕਿਹਾ ਜਾ ਰਿਹਾ ਹੈ, ਪਰ ਇਹ ਗਿਣਤੀ ਵੱਧ ਹੋਣ ਦੀ ਸੰਭਾਵਨਾ ਹੈ, ਕਿਉਂਕਿ ਜਦੋਂ ਇਹ ਦੁਖਾਂਤ ਵਾਪਰਿਆ ਤਾਂ ਧਰਾਲੀ ਪਿੰਡ ਵਿੱਚ 'ਹਰ ਦੂਧ' ਮੇਲੇ ਲਈ ਬਹੁਤ ਸਾਰੇ ਲੋਕ ਇਕੱਠੇ ਹੋਏ ਸਨ।
ਰੱਖਿਆ ਬੁਲਾਰੇ ਲੈਫਟੀਨੈਂਟ ਕਰਨਲ ਮਨੀਸ਼ ਸ਼੍ਰੀਵਾਸਤਵ ਨੇ ਦੱਸਿਆ ਕਿ ਲਾਪਤਾ ਲੋਕਾਂ ਵਿੱਚ 11 ਫੌਜੀ ਵੀ ਸ਼ਾਮਲ ਹਨ। 14 ਰਾਜ ਰਾਈਫਲਜ਼ (Raj Rif) ਦੇ ਕਮਾਂਡਿੰਗ ਅਫਸਰ ਕਰਨਲ ਹਰਸ਼ਵਰਧਨ, 150 ਫੌਜੀਆਂ ਦੀ ਟੀਮ ਨਾਲ ਰਾਹਤ ਅਤੇ ਬਚਾਅ ਕਾਰਜਾਂ ਦੀ ਅਗਵਾਈ ਕਰ ਰਹੇ ਹਨ।
ਸ਼੍ਰੀਵਾਸਤਵ ਨੇ ਕਿਹਾ ਕਿ ਆਪਣੇ ਫੌਜੀਆਂ ਦੇ ਲਾਪਤਾ ਹੋਣ ਅਤੇ ਬੇਸ ਨੂੰ ਨੁਕਸਾਨ ਪਹੁੰਚਣ ਦੇ ਬਾਵਜੂਦ, ਟੀਮ ਪੂਰੇ ਹੌਸਲੇ ਅਤੇ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ।