ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਉੱਤਰਾਖੰਡ: ਮੀਂਹ ਕਾਰਨ ਬਚਾਅ ਕਾਰਜਾਂ ’ਚ ਪਿਆ ਅੜਿੱਕਾ

ਅਗਲੇ ਕੁਝ ਦਿਨ ਮੌਸਮ ਖਰਾਬ ਰਹਿਣ ਦੀ ਸੰਭਾਵਨਾ; ਭਾਗੀਰਥੀ ਨਦੀ ’ਤੇ ਬਣੀ ਝੀਲ ’ਚੋਂ ਪਾਣੀ ਕੱਢਣ ਦਾ ਕੰਮ ਸ਼ੁਰੂ
ਉੱਤਰਕਾਸ਼ੀ ਵਿੱਚ ਹੜ੍ਹ ਮਗਰੋਂ ਨੁਕਸਾਨਿਆ ਹੋਇਆ ਘਰ। -ਫੋਟੋ: ਪੀਟੀਆਈ
Advertisement

ਉੱਤਰਕਾਸ਼ੀ ਦੇ ਵੱਖ ਵੱਖ ਹਿੱਸਿਆਂ ’ਚ ਅੱਜ ਪਏ ਲਗਾਤਾਰ ਮੀਂਹ ਕਾਰਨ ਆਫ਼ਤ ਪ੍ਰਭਾਵਿਤ ਧਰਾਲੀ ਤੇ ਹਰਸ਼ਿਲ ਦੇ ਇਲਾਕੇ ’ਚ ਬਚਾਅ ਮੁਹਿੰਮ ’ਚ ਅੜਿੱਕੇ ਪਏ ਜਦਕਿ ਭਾਗੀਰਥੀ ਨਦੀ ਦੇ ਰੁਕੇ ਪਾਣੀ ਦੇ ਵਹਾਅ ਕਾਰਨ ਬਣੀ ਝੀਲ ’ਚੋਂ ਪਾਣੀ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅਧਿਕਾਰੀਆਂ ਨੇ ਇੱਥੇ ਦੱਸਿਆ ਕਿ ਖਰਾਬ ਮੌਸਮ ਕਾਰਨ ਹੈਲੀਕਾਪਟਰ ਸੇਵਾਵਾਂ ਸ਼ੁਰੂ ਨਹੀਂ ਕੀਤੀਆਂ ਜਾ ਸਕੀਆਂ ਅਤੇ ਮਲਬੇ ਹੇਠ ਦਬੇ ਲੋਕਾਂ ਦੀ ਭਾਲ ਦਾ ਕੰਮ ਵੀ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੌਸਮ ਵਿਭਾਗ ਨੇ ਅਗਲੇ ਕੁਝ ਦਿਨ ਮੌਸਮ ਖਰਾਬ ਰਹਿਣ ਤੇ 13, 14 ਤੇ 15 ਅਗਸਤ ਨੂੰ ਸੂਬੇ ’ਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਪੰਜ ਅਗਸਤ ਨੂੰ ਖੀਰਗੰਗਾ ਨਦੀ ’ਚ ਆਏ ਭਿਆਨਕ ਹੜ੍ਹ ਕਾਰਨ ਧਰਾਲੀ ਦੇ ਪਿੰਡ ’ਚ ਜਮ੍ਹਾਂ ਹੋਏ ਮਲਬੇ ਹੇਠ ਲਾਪਤਾ ਹੋਏ ਲੋਕਾਂ ਦੇ ਜਿਊਂਦੇ ਹੋਣ ਦੀ ਸੰਭਾਵਨਾ ਘੱਟ ਹੁੰਦੀ ਜਾ ਰਹੀ ਹੈ ਕਿਉਂਕਿ ਆਫ਼ਤ ਤੋਂ ਬਾਅਦ ਤਕਰੀਬਨ ਇੱਕ ਹਫ਼ਤੇ ਦਾ ਸਮਾਂ ਲੰਘ ਚੁੱਕਾ ਹੈ। ਗੜਵਾਲ ਡਿਵੀਜ਼ਨ ਦੇ ਕਮਿਸ਼ਨਰ ਵਿਨੈ ਸ਼ੰਕਰ ਪਾਂਡੇ ਨੇ ਦੱਸਿਆ ਕਿ 43 ਵਿਅਕਤੀਆਂ ਦੇ ਲਾਪਤਾ ਹੋਣ ਦੀ ਸੂਚਨਾ ਹੈ ਜਿਨ੍ਹਾਂ ’ਚੋਂ ਧਰਾਲੀ ਪਿੰਡ ਦੇ ਇਕ ਨੌਜਵਾਨ ਆਕਾਸ਼ ਪੰਵਾਰ ਦੀ ਲਾਸ਼ ਬਰਾਮਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ 29 ਨੇਪਾਲੀ ਮਜ਼ਦੂਰਾਂ ਦੇ ਲਾਪਤਾ ਹੋਣ ਦੀ ਵੀ ਸੂਚਨਾ ਮਿਲੀ ਸੀ ਪਰ ਮੋਬਾਈਲ ਨੈੱਟਵਰਕ ਬਹਾਲ ਹੋਣ ਮਗਰੋਂ ਇਨ੍ਹਾਂ ’ਚੋਂ ਪੰਜ ਨਾਲ ਸੰਪਰਕ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਧਰਾਲੀ ਪਿੰਡ ਦੇ ਆਫ਼ਤ ਪ੍ਰਭਾਵਿਤਾਂ ਨੂੰ ਤੁਰੰਤ ਆਧਾਰ ’ਤੇ ਪੰਜ ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਵੰਡੇ ਜਾਣ ਦਾ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਗੰਗੋਤਰੀ ਕੌਮੀ ਰਾਜਮਾਰਗ ’ਤੇ ਬੀਤੇ ਦਿਨ ਲਿਮਚਾਗਾੜ ’ਚ 30 ਮੀਟਰ ਲੰਮੇ ਪੁਲ ਦੇ ਨਿਰਮਾਣ ਮਗਰੋਂ ਡਬਰਾਨੀ ’ਚ ਭਾਰੀ ਮਸ਼ੀਨਾਂ ਪਹੁੰਚਾ ਦਿੱਤੀਆਂ ਗਈਆਂ ਹਨ ਤਾਂ ਜੋ ਨੁਕਸਾਨੀਆਂ ਗਈਆਂ ਸੜਕਾਂ ਦੀ ਮੁਰੰਮਤ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਹਰਸ਼ਿਲ ’ਚ ਭਾਗੀਰਥੀ ਨਦੀ ’ਤੇ ਬਣੀ ਝੀਲ ’ਚੋਂ ਪਾਣੀ ਦੀ ਨਿਕਾਸੀ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। -ਪੀਟੀਆਈ

Advertisement
Advertisement