ਉੱਤਰਾਖੰਡ: ਭਾਰੀ ਮੀਂਹ ਤੇ ਹੜ੍ਹ ਕਾਰਨ ਚਮੋਲੀ ਦੀਆਂ ਮੁੱਖ ਸੜਕਾਂ ਠੱਪ; ਔਰਤ ਦੀ ਮੌਤ ਇੱਕ ਲਾਪਤਾ
ਚਮੋਲੀ ਜ਼ਿਲ੍ਹੇ ਦੇ ਥਰਾਲੀ ਕਸਬੇ ’ਚ ਲੰਘੀ ਰਾਤ ਪਏ ਭਾਰੀ ਮੀਂਹ ਕਾਰਨ ਇੱਕ ਮੌਸਮੀ ਨਾਲੇ ਟੂਨਰੀ ਗਧੇਰੇ ’ਚ ਭਿਆਨਕ ਹੜ੍ਹ ਆ ਗਿਆ, ਜਿਸ ਕਰਕੇ ਕਈ ਘਰਾਂ ਅਤੇ ਬਾਜ਼ਾਰਾਂ ਵਿੱਚ ਮਲਬਾ ਜਮ੍ਹਾਂ ਹੋ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਸਾਗਵਾੜਾ ਅਤੇ ਚੇਪੜੋ ਬਾਜ਼ਾਰ ਇਲਾਕੇ ਵਿੱਚ ਹੜ੍ਹ ਕਾਰਨ 20 ਸਾਲਾਂ ਦੀ ਕਵਿਤਾ ਨਾਂਅ ਦੀ ਲੜਕੀ ਸਣੇ ਦੋ ਜਣੇ ਲਾਪਤਾ ਹੋ ਗਏ ਸਨ। ਹਾਲਾਂਕਿ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਔਰਤ ਦੀ ਮੌਤ ਹੋ ਗਈ ਹੈ ਜਦਕਿ ਵਿਅਕਤੀ ਅਜੇ ਵੀ ਲਾਪਤਾ ਹੈ।
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੱਲੋਂ ਵੀ ਇਸ ਘਟਨਾ ’ਤੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ।
ਚਮੋਲੀ ਦੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਵਿਵੇਕ ਪ੍ਰਕਾਸ਼ ਨੇ ਕਿਹਾ ਕਿ ਥਰਾਲੀ ਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਭਾਰੀ ਨੁਕਸਾਨ ਹੋਇਆ।
ਅਧਿਕਾਰੀਆਂ ਨੇ ਦਸਿਆ ਕਿ ਸਟੇਟ ਆਫ਼ਤ ਪ੍ਰਬੰਧਨ ਬਲ (SDRF) ਤੇ ਪੁਲੀਸ ਦੀਆਂ ਟੀਮਾਂ ਨੂੰ ਮੌਕੇ 'ਤੇ ਭੇਜਿਆ ਗਿਆ ਸੀ, ਪਰ ਮੁੱਖ ਸੜਕ ਬੰਦ ਹੋਣ ਕਾਰਨ ਉਨ੍ਹਾਂ ਨੂੰ ਮੌਕੇ ’ਤੇ ਪਹੁੰਚਣ ’ਚ ਮੁਸ਼ਕਲ ਆ ਰਹੀ ਹੈ।
ਵਿਵੇਕ ਪ੍ਰਕਾਸ਼ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਜਾਰੀ ਹਨ ਅਤੇ ਚਮੋਲੀ ਦੇ ਜ਼ਿਲ੍ਹਾ ਮੈਜੀਸਟ੍ਰੇਟ ਸੰਦੀਪ ਤਿਵਾੜੀ ਸਵੇਰੇ ਹੀ ਘਟਨਾ ਵਾਲੀ ਥਾਂ ਲਈ ਰਵਾਨਾ ਹੋ ਗਏ।
ਚਮੋਲੀ ਜ਼ਿਲ੍ਹਾ ਆਫ਼ਤ ਪ੍ਰਬੰਧਨ ਕੇਂਦਰ ਮੁਤਾਬਕ ਮਿੰਗ ਗਧੇਰਾ ਨੇੜੇ ਮਲਬੇ ਕਾਰਨ ਥਰਾਲੀ ਨੂੰ ਜੋੜਨ ਵਾਲਾ ਕਰਨਪ੍ਰਯਾਗ-ਗਵਾਲਡਮ ਕੌਮੀ ਰਾਜਮਾਰਗ ਬੰਦ ਕਰ ਦਿੱਤਾ ਗਿਆ ਹੈ ਅਤੇ ਥਰਾਲੀ-ਸਗਵਾੜਾ ਮੋਟਰ ਸੜਕ ਅਤੇ ਡੁੰਗਰੀ ਮੋਟਰ ਸੜਕ ’ਤੇ ਵੀ ਅੜਿੱਕਾ ਪਿਆ ਹੈ।
ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕਰਨ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਸਾਰੇ ਸਕੂਲਾਂ ’ਚ ਅੱਜ ਲਈ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ।
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਵਿੱਚ ਕਿਹਾ, “ਮੈਂ ਖੁਦ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹਾਂ। ਮੈਂ ਸਾਰਿਆਂ ਦੀ ਸੁਰੱਖਿਆ ਲਈ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ।”
ਇਹ ਘਟਨਾ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਬੱਦਲ ਫਟਣ ਨਾਲ ਹੋਈ ਤਬਾਹੀ ਤੋਂ ਕੁਝ ਹਫ਼ਤੇ ਬਾਅਦ ਵਾਪਰੀ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਅਤੇ ਘੱਟੋ-ਘੱਟ 65 ਲੋਕ ਲਾਪਤਾ ਹੋ ਗਏ ਸਨ। -ਪੀਟੀਆਈ