ਉੱਤਰਾਖੰਡ ਹੋਰ ਰਾਜਾਂ ਲਈ ਮਿਸਾਲ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਬਾਦੀ ’ਚ ਤਬਦੀਲੀ ਰੋਕਣ, ਇਕਸਾਰ ਸਿਵਲ ਕੋਡ, ਗ਼ੈਰ-ਕਾਨੂੰਨੀ ਧਰਮ ਤਬਦੀਲੀ ਤੇ ਦੰਗਾ ਕੰਟਰੋਲ ਲਈ ਉਤਰਾਖੰਡ ਸਰਕਾਰ ਦੇ ਕਦਮਾਂ ਨੂੰ ‘ਦਲੇਰਾਨਾ’ ਕਰਾਰ ਦਿੰਦਿਆਂ ਸ਼ਲਾਘਾ ਕੀਤੀ ਅਤੇ ਸੁਝਾਅ ਦਿੱਤਾ ਕਿ ਹੋਰ ਰਾਜਾਂ ਨੂੰ ਵੀ ਇਸ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
ਮੋਦੀ ਨੇ ਉੱਤਰਾਖੰਡ ਦੇ ਗਠਨ ਦੇ ਸਿਲਵਰ ਜੁਬਲੀ ਸਬੰਧੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਮੁੱਖ ਮੰਤਰੀ ਪੁਸ਼ਕਰ ਧਾਮੀ ਦੀ ਸਰਕਾਰ ਨੇ ਜਿਸ ਗੰਭੀਰਤਾ ਨਾਲ ਇਕਸਾਰ ਸਿਵਲ ਕੋਡ (ਯੂ ਸੀ ਸੀ) ਲਾਗੂ ਕੀਤਾ, ਉਹ ਹੋਰ ਰਾਜਾਂ ਲਈ ਮਿਸਾਲ ਹੈ। ਸੂਬਾ ਸਰਕਾਰ ਨੇ ਤਬਦੀਲੀ ਰੋਕੂ ਕਾਨੂੰਨ ਤੇ ਦੰਗਾ ਕੰਟਰੋਲ ਕਾਨੂੰਨ ਜਿਹੇ ਦੇਸ਼ ਹਿੱਤ ਦੇ ਮਸਲਿਆਂ ’ਤੇ ਦਲੇਰਾਨਾ ਨੀਤੀਆਂ ਅਪਣਾਈਆਂ ਹਨ। ਭਾਜਪਾ ਸਰਕਾਰ (ਉੱਤਰਾਖੰਡ ’ਚ) ਜ਼ਮੀਨ ਹੜੱਪਣ ਤੇ ਅਬਾਦੀ ਤਬਦੀਲੀ ਜਿਹੇ ਨਾਜ਼ੁਕ ਮੁੱਦਿਆਂ ’ਤੇ ਵੀ ਠੋਸ ਕਾਰਵਾਈ ਕਰ ਰਹੀ ਹੈ।’’ ਪ੍ਰਧਾਨ ਮੰਤਰੀ ਨੇ ਉੱਤਰਾਖੰਡ ਵਿਚ 8,260 ਕਰੋੜ ਰੁਪਏ ਦੀ ਲਾਗਤ ਵਾਲੇ ਕੁਝ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਤੇ ਕੁਝ ਦਾ ਨੀਹ ਪੱਥਰ ਰੱਖਿਆ। ਇਹ ਪ੍ਰਾਜੈਕਟ ਪੀਣ ਵਾਲੇ ਪਾਣੀ, ਸਿੰਜਾਈ, ਤਕਨੀਕੀ ਸਿੱਖਿਆ, ਊਰਜਾ, ਸ਼ਹਿਰੀ ਵਿਕਾਸ, ਖੇਡਾਂ ਅਤੇ ਹੁਨਰ ਵਿਕਾਸ ਸਮੇਤ ਕਈ ਮੁੱਖ ਖੇਤਰਾਂ ਨਾਲ ਸਬੰਧਤ ਹਨ।
ਉਨ੍ਹਾਂ ਕਿਹਾ ਕਿ ਉੱਤਰਾਖੰਡ ਅਗਲੇ ਕੁਝ ਸਾਲਾਂ ਅੰਦਰ ਖੁਦ ਨੂੰ ਦੁਨੀਆ ਦੀ ਧਾਰਮਿਕ ਰਾਜਧਾਨੀ ਵਜੋਂ ਖੁਦ ਨੂੰ ਸਥਾਪਤ ਕਰ ਸਕਦਾ ਹੈ। ਉੱਤਰਾਖੰਡ ਦੀ ਵਿਕਾਸ ਯਾਤਰਾ ਨੂੰ ਕਈ ਅੜਿੱਕਿਆਂ ਦਾ ਸਾਹਮਣਾ ਕਰਨਾ ਪਿਆ ਪਰ ਭਾਜਪਾ ਸਰਕਾਰ ਨੇ ਹਰ ਵਾਰ ਉਨ੍ਹਾਂ ’ਤੇ ਜਿੱਤ ਹਾਸਲ ਕੀਤੀ ਤੇ ਇਹ ਯਕੀਨੀ ਬਣਾਇਆ ਕਿ ਵਿਕਾਸ ਦੀ ਰਫ਼ਤਾਰ ਨਾ ਰੁਕੇ।
