ਉੱਤਰ ਪ੍ਰਦੇਸ਼: ਟਰੈਕਟਰ ਤੇ ਟਰੱਕ ਦੀ ਟੱਕਰ ’ਚ ਨੌਂ ਹਲਾਕ, 42 ਜ਼ਖ਼ਮੀ
ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਜ਼ਿਲ੍ਹੇ ’ਚ ਤੀਰਥ ਯਾਤਰੀਆਂ ਨੂੰ ਲਿਜਾ ਰਹੀ ਟਰੈਕਟਰ-ਟਰਾਲੀ ਤੇ ਟਰੱਕ ਦੀ ਟੱਕਰ ’ਚ ਨੌਂ ਵਿਅਕਤੀਆਂ ਦੀ ਮੌਤ ਹੋ ਗਈ ਤੇ 42 ਜ਼ਖ਼ਮੀ ਹੋ ਗਏ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 2-2 ਲੱਖ ਰੁਪਏ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਆਰਥਿਕ ਮਦਦ ਦੇਣ ਦੇ ਨਿਰਦੇਸ਼ ਦਿੱਤੇ ਹਨ।
ਸੀਨੀਅਰ ਪੁਲੀਸ ਅਧਿਕਾਰੀ (ਐੱਸਐੱਸਪੀ) ਦਿਨੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਲੰਘੀ ਦੇਰ ਰਾਤ ਦੋ ਵਜੇ ਤੋਂ ਬਾਅਦ ਬੁਲੰਦ ਸ਼ਹਿਰ-ਅਲੀਗੜ੍ਹ ਸਰਹੱਦ ’ਤੇ ਅਰਨੀਆ ਬਾਈਪਾਸ ਨੇੜੇ ਉਸ ਸਮੇਂ ਵਾਪਰਿਆ ਜਦੋਂ ਇੱਕ ਟਰੱਕ ਨੇ ਟਰੈਕਟਰ-ਟਰਾਲੀ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਟਰਾਲੀ ਪਲਟ ਗਈ। ਉਨ੍ਹਾਂ ਦੱਸਿਆ, ‘ਟਰੈਕਟਰ-ਟਰਾਲੀ ’ਚ 61 ਵਿਅਕਤੀ ਸਵਾਰ ਸਨ ਜੋ ਕਾਸਗੰਜ ਜ਼ਿਲ੍ਹੇ ਦੇ ਰਫਾਤਪੁਰ ਪਿੰਡ ਤੋਂ ਰਾਜਸਥਾਨ ਦੇ ਜਾਹਰ ਪੀਰ ’ਚ ਤੀਰਥ ਯਾਤਰਾ ਲਈ ਜਾ ਰਹੇ ਸਨ।’
ਐੱਸਐੱਸਪੀ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਨਿੱਜੀ ਹਪਸਤਾਲ ਸਮੇਤ ਕਈ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ, ‘ਇਸ ਹਾਦਸੇ ’ਚ ਅੱਠ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ 43 ਹੋਰ ਨੂੰ ਵੱਖ ਵੱਖ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ। ਇਨ੍ਹਾਂ ’ਚੋਂ ਤਿੰਨ ਨੂੰ ਹਾਲਤ ਗੰਭੀਰ ਹੋਣ ਕਾਰਨ ਵੈਂਟੀਲੇਟਰ ’ਤੇ ਰੱਖਿਆ ਹੋਇਆ ਹੈ।’ ਬਾਅਦ ਵਿੱਚ ਇਲਾਜ ਦੌਰਾਨ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਦੁਪਹਿਰ ਤੱਕ 18 ਜ਼ਖ਼ਮੀਆਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਜਦਕਿ ਹੋਰਾਂ ਦਾ ਇਲਾਜ ਕੀਤਾ ਜਾ ਰਿਹਾ ਹੈ।