ਰਾਹੁਲ ਗਾਂਧੀ ਦਾ ਵਿਰੋਧ ਕਰਨ ਲਈ ਸੜਕ ’ਤੇ ਬੈਠਿਆ ਉੱਤਰ ਪ੍ਰਦੇਸ਼ ਦਾ ਮੰਤਰੀ
ਉੱਤਰ ਪ੍ਰਦੇਸ਼ ਦੇ ਮੰਤਰੀ ਦਿਨੇਸ਼ ਪ੍ਰਤਾਪ ਸਿੰਘ ਬੁੱਧਵਾਰ ਨੂੰ ਰਾਏਬਰੇਲੀ ਵਿੱਚ ਰਾਹੁਲ ਗਾਂਧੀ ਦੇ ਕਾਫ਼ਲੇ ਨੂੰ ਰੋਕਣ ਲਈ ਹਾਈਵੇਅ ’ਤੇ ਧਰਨੇ 'ਤੇ ਬੈਠ ਗਏ। ਉਨ੍ਹਾਂ ਨੇ ਬਿਹਾਰ ਵਿੱਚ ਕਾਂਗਰਸ ਦੀ ਵੋਟਰ ਅਧਿਕਾਰ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਬਾਰੇ ਕਥਿਤ ਤੌਰ 'ਤੇ ਅਪਸ਼ਬਦ ਬੋਲਣ ਲਈ ਰਾਹੁਲ ਗਾਂਧੀ ਤੋਂ ਦੇਸ਼ ਦੀਆਂ ਸਾਰੀਆਂ ਮਾਵਾਂ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ।
ਜਦੋਂ ਰਾਹੁਲ ਗਾਂਧੀ ਹਰਚੰਦਪੁਰ ਜਾ ਰਹੇ ਸਨ ਤਾਂ ਮੰਤਰੀ ਆਪਣੇ ਸਮਰਥਕਾਂ ਨਾਲ ਕਠਵਾੜਾ ਵਿਖੇ ਹਾਈਵੇਅ ’ਤੇ ਬੈਠ ਗਏ। ਇਸ ਦੌਰਾਨ ਭਾਜਪਾ ਕਾਰਕੁਨਾਂ ਨੇ ਰਾਹੁਲ ਗਾਂਧੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ 'ਰਾਹੁਲ ਵਾਪਸ ਜਾਓ' ਅਤੇ 'ਦੇਸ਼ ਦੀਆਂ ਸਾਰੀਆਂ ਮਾਵਾਂ ਤੋਂ ਮੁਆਫ਼ੀ ਮੰਗੋ' ਦੇ ਬੈਨਰ ਲਹਿਰਾਏ।
ਮੰਤਰੀ ਦਿਨੇਸ਼ ਸਿੰਘ ਨੇ ਦਾਅਵਾ ਕੀਤਾ ਕਿ ਭਾਜਪਾ ਕਾਰਕੁਨਾਂ ਦੇ ਵਿਰੋਧ ਕਾਰਨ ਰਾਹੁਲ ਗਾਂਧੀ ਨੇ ਆਪਣਾ ਰਸਤਾ ਬਦਲ ਲਿਆ ਅਤੇ ਕਿਸੇ ਹੋਰ ਰਸਤੇ ਤੋਂ ਆਪਣੀ ਮੰਜ਼ਿਲ ਲਈ ਰਵਾਨਾ ਹੋ ਗਏ।
ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਰਾਹੁਲ ਗਾਂਧੀ ਦੀ ਵੀ ਮਾਂ ਹੈ। ਉਨ੍ਹਾਂ ਨੂੰ ਕਿਸੇ ਹੋਰ ਦੀ ਮਾਂ ਨੂੰ ਅਪਸ਼ਬਦ ਬੋਲਣ ਦਾ ਕੋਈ ਹੱਕ ਨਹੀਂ। ਰਾਹੁਲ ਗਾਂਧੀ ਨੂੰ ਉਨ੍ਹਾਂ ਲੋਕਾਂ ਦੀ ਜਨਤਕ ਤੌਰ 'ਤੇ ਨਿੰਦਾ ਕਰਨੀ ਚਾਹੀਦੀ ਸੀ ਜਿਨ੍ਹਾਂ ਨੇ ਇੱਕ ਮਾਂ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ।’’