Uttar Pradesh: ਪਿਓ ਨੇ ਆਪਣੇ 17 ਸਾਲਾ ਪੁੱਤਰ ਦੀ ਮੰਗੇਤਰ ਨਾਲ ਕੀਤਾ ਵਿਆਹ
ਰਾਮਪੁਰ, 21 ਜੂਨ
ਇੱਥੋਂ ਦੇ ਇੱਕ 55 ਸਾਲਾ ਵਿਅਕਤੀ ਨੇ ਆਪਣੇ ਪੁੱਤਰ ਦੀ ਮੰਗੇਤਰ ਨਾਲ ਹੀ ਵਿਆਹ ਕਰ ਲਿਆ ਹੈ। ਇਸ ਘਟਨਾ ਤੋਂ ਬਾਅਦ ਉਸ ਦਾ ਪੂਰਾ ਪਰਿਵਾਰ ਹੈਰਾਨ ਅਤੇ ਸਦਮੇ ਵਿੱਚ ਹੈ। ਵਿਅਕਤੀ ਦਾ ਨਾਮ ਸ਼ਕੀਲ ਦੱਸਿਆ ਗਿਆ ਹੈ। ਉਹ 6 ਬੱਚਿਆਂ ਦਾ ਪਿਤਾ ਹੈ ਅਤੇ 3 ਬੱਚਿਆਂ ਦਾ ਦਾਦਾ ਹੈ।
ਸ਼ਕੀਲ ਦੀ ਪਤਨੀ ਸ਼ਬਾਨਾ ਦੇ ਦੱਸਿਆ ਕਿ ਸ਼ਕੀਲ ਬੇਟੀ ਦੇ ਵਿਆਹ ਤੋਂ ਬਾਅਦ 22 ਸਾਲਾ ਔਰਤ ਆਇਸ਼ਾ (ਬਦਲਿਆ ਨਾਮ) ਜੋ ਕਿ ਨੇੜਲੇ ਪਿੰਡ ਦੀ ਹੈ, ਨਾਲ ਅਕਸਰ ਗੱਲਬਾਤ ਕਰਦਾ ਸੀ।
ਜਦੋਂ ਸ਼ਕੀਲ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦਾਅਵਾ ਕੀਤਾ ਕਿ ਉਸ ਨੇ ਆਪਣੇ ਪੁੱਤਰ ਦੀ ਮੰਗਣੀ ਆਇਸ਼ਾ ਨਾਲ ਕੀਤੀ ਹੋਈ ਸੀ। ਸ਼ੁਰੂ ਵਿੱਚ, ਪਰਿਵਾਰ ਨੇ ਆਰਥਿਕ ਸਮੱਸਿਆ ਅਤੇ ਅਮਨ ਦੀ ਉਮਰ ਕਾਰਨ ਦੋਵਾਂ ਦੇ ਵਿਆਹ ਦਾ ਵਿਰੋਧ ਕੀਤਾ ਸੀ। ਸ਼ਬਾਨਾ ਨੇ ਦੋਸ਼ ਲਗਾਇਆ ਕਿ ਸ਼ਕੀਲ ਨੇ ਦਬਾਅ ਬਣਾ ਕੇ ਵਿਆਹ ਲਈ ਮਜਬੂਰ ਕੀਤਾ।
ਅਮਨ ਨੇ ਦੱਸਿਆ ਕਿ ਉਸ ਨੂੰ ਆਪਣੇ ਪਿਤਾ ਅਤੇ ਆਇਸ਼ਾ ਵਿਚਕਾਰ ਲਗਾਤਾਰ ਫੋਨ ’ਤੇ ਗੱਲਬਾਤ ਹੋਣ ਕਾਰਨ ਆਪਣੇ ਪਿਤਾ ’ਤੇ ਸ਼ੱਕ ਹੋ ਗਿਆ ਸੀ। ਉਸ ਨੇ ਇਹ ਵੀ ਦੱਸਿਆ ਕਿ ਜਦ ਉਸ ਨੇ ਆਪਣੇ ਪਿਤਾ ਦਾ ਫੋਨ ਚੈੱਕ ਕੀਤਾ ਤਾਂ ਉਸ ਨੂੰ ਉਸ ਵਿੱਚ ਇਤਰਾਜ਼ਯੋਗ ਸਮੱਗਰੀ ਵੀ ਮਿਲੀ ਸੀ ਜਿਸ ਤੋਂ ਬਾਅਦ ਉਸ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ।
ਪਿਛਲੇ ਹਫ਼ਤੇ ਸ਼ਕੀਲ ਕੰਮ ਦਾ ਬਹਾਨਾ ਬਣਾ ਕੇ ਦਿੱਲੀ ਚਲਾ ਗਿਆ ਸੀ। ਉਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਅਤੇ ਪਰਿਵਾਰ ਨੂੰ ਫੋਨ ਕਰ ਕੇ ਦੱਸਿਆ ਕਿ ਉਸ ਨੇ ਆਇਸ਼ਾ ਨਾਲ ਵਿਆਹ ਕਰ ਲਿਆ ਹੈ।
ਸ਼ਬਾਨਾ ਨੇ ਕਿਹਾ ਕਿ ਜੋ ਲੜਕੀ ਕਿਸੇ ਸਮੇਂ ਉਸ ਦੀ ਨੂੰਹ ਬਣਨ ਵਾਲੀ ਸੀ, ਹੁਣ ਉਹ ਉਸ ਦੇ ਪਤੀ ਦੀ ਪਤਨੀ ਬਣ ਗਈ ਹੈ। ਪੁਲੀਸ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਇਸ ਮਾਮਲੇ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ ਪਰ ਜੇ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।-ਪੀਟੀਆਈ