ਪਾਕਿਸਤਾਨ ਨੂੰ F-16 ਲੜਾਕੂ ਜਹਾਜ਼ਾਂ ਲਈ ਅਡਵਾਂਸਡ ਤਕਨਾਲੋਜੀ ਅਤੇ ਸਹਾਇਤਾ ਦੇਵੇਗਾ ਅਮਰੀਕਾ
ਸੰਯੁਕਤ ਰਾਜ ਅਮਰੀਕਾ ਨੇ ਪਾਕਿਸਤਾਨ ਨੂੰ F-16 ਲੜਾਕੂ ਜਹਾਜ਼ਾਂ ਲਈ 686 ਮਿਲੀਅਨ ਅਮਰੀਕੀ ਡਾਲਰ ਦੀ ਅਡਵਾਂਸਡ ਤਕਨਾਲੋਜੀ ਅਤੇ ਸਹਾਇਤਾ ਦੀ ਵਿਕਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਡਾਨ ਦੀ ਰਿਪੋਰਟ ਮੁਤਾਬਕ ਯੂ ਐੱਸ ਡਿਫੈਂਸ ਸਕਿਓਰਿਟੀ ਕੋਆਪ੍ਰੇਸ਼ਨ ਏਜੰਸੀ (DSCA) ਨੇ ਸੋਮਵਾਰ ਨੂੰ ਕਾਂਗਰਸ ਨੂੰ ਭੇਜੇ ਇੱਕ ਪੱਤਰ ਵਿੱਚ ਇਹ ਮਨਜ਼ੂਰੀ ਦਿੱਤੀ।
ਇਸ ਪੈਕੇਜ ਵਿੱਚ ਲਿੰਕ–16 ਸਿਸਟਮ, ਕ੍ਰਿਪਟੋਗ੍ਰਾਫਿਕ ਉਪਕਰਣ, ਐਵੀਓਨਿਕਸ ਅੱਪਡੇਟ, ਸਿਖਲਾਈ, ਅਤੇ ਵਿਆਪਕ ਲੌਜਿਸਟੀਕਲ ਸਹਾਇਤਾ ਸ਼ਾਮਲ ਹਨ।
DSCA ਦੇ ਪੱਤਰ ਵਿੱਚ ਵਿਕਰੀ ਦੇ ਕਾਰਨ ਸਪੱਸ਼ਟ ਕੀਤੇ ਗਏ ਹਨ ਜਿਸ ਵਿੱਚ ਕਿਹਾ ਗਿਆ ਹੈ ਕਿ ਇਹ "ਸੰਯੁਕਤ ਰਾਜ ਦੀ ਵਿਦੇਸ਼ ਨੀਤੀ ਅਤੇ ਰਾਸ਼ਟਰੀ ਸੁਰੱਖਿਆ ਉਦੇਸ਼ਾਂ ਦਾ ਸਮਰਥਨ ਕਰੇਗਾ, ਜਿਸ ਨਾਲ ਪਾਕਿਸਤਾਨ ਨੂੰ ਚੱਲ ਰਹੇ ਅਤਿਵਾਦ ਵਿਰੋਧੀ ਯਤਨਾਂ ਅਤੇ ਭਵਿੱਖ ਦੇ ਅਚਨਚੇਤੀ ਕਾਰਜਾਂ ਦੀ ਤਿਆਰੀ ਵਿੱਚ ਅਮਰੀਕਾ ਅਤੇ ਭਾਈਵਾਲ ਫੌਜਾਂ ਨਾਲ ਆਪਸੀ ਤਾਲਮੇਲ ਬਰਕਰਾਰ ਰੱਖਣ ਦੀ ਇਜਾਜ਼ਤ ਮਿਲੇਗੀ।’’
ਪ੍ਰਸਤਾਵਿਤ ਵਿਕਰੀ ਦਾ ਉਦੇਸ਼ ਪਾਕਿਸਤਾਨ ਦੇ F-16 ਬੇੜੇ ਦਾ ਆਧੁਨਿਕੀਕਰਨ ਕਰਨਾ ਅਤੇ ਸੰਚਾਲਨ ਸੁਰੱਖਿਆ ਚਿੰਤਾਵਾਂ ਨੂੰ ਹੱਲ ਕਰਨਾ ਵੀ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੱਤਰ ਵਿੱਚ ਨੋਟ ਕੀਤਾ ਗਿਆ ਹੈ ਕਿ ਇਸ ਦੇ ਬਲਾਕ–52 ਅਤੇ ਮਿਡ ਲਾਈਫ ਅੱਪਗ੍ਰੇਡ F–16 ਬੇੜੇ ਨੂੰ ਅੱਪਡੇਟ ਅਤੇ ਨਵੀਨੀਕਰਨ ਕਰਕੇ ਇਹ "ਪਾਕਿਸਤਾਨ ਦੀ ਮੌਜੂਦਾ ਅਤੇ ਭਵਿੱਖ ਦੇ ਖਤਰਿਆਂ ਦਾ ਮੁਕਾਬਲਾ ਕਰਨ ਦੀ ਸਮਰੱਥਾ ਨੂੰ ਬਰਕਰਾਰ ਰੱਖੇਗਾ।"
ਵਿਕਰੀ ਦਾ ਕੁੱਲ ਅਨੁਮਾਨਿਤ ਮੁੱਲ 686 ਮਿਲੀਅਨ ਅਮਰੀਕੀ ਡਾਲਰ ਹੈ, ਜਿਸ ਵਿੱਚ ਮੁੱਖ ਰੱਖਿਆ ਉਪਕਰਣਾਂ ਦਾ ਮੁੱਲ 37 ਮਿਲੀਅਨ ਅਮਰੀਕੀ ਡਾਲਰ ਅਤੇ ਹੋਰ ਵਸਤੂਆਂ ਦਾ ਮੁੱਲ 649 ਮਿਲੀਅਨ ਅਮਰੀਕੀ ਡਾਲਰ ਹੈ।
