ਵਪਾਰ ਸਮਝੌਤੇ ਸਬੰਧੀ ਵਾਰਤਾ ਲਈ ਅਮਰੀਕੀ ਟੀਮ ਦਾ ਭਾਰਤ ਦੌਰਾ ਅਗਲੇ ਮਹੀਨੇ
ਭਾਰਤ ਨਾਲ ਪ੍ਰਸਤਾਵਿਤ ਦੁਵੱਲੇ ਵਪਾਰ ਸਮਝੌਤੇ ’ਤੇ ਅਗਲੇ ਗੇੜ ਦੀ ਵਾਰਤਾ ਲਈ ਅਮਰੀਕੀ ਟੀਮ ਅਗਸਤ ’ਚ ਭਾਰਤ ਦਾ ਦੌਰਾ ਕਰੇਗੀ। ਇਕ ਅਧਿਕਾਰੀ ਨੇ ਕਿਹਾ ਕਿ ਅਮਰੀਕੀ ਟੀਮ ਵੱਲੋਂ ਅਗਸਤ ਦੇ ਦੂਜੇ ਅੱਧ ’ਚ ਭਾਰਤ ਦਾ ਦੌਰਾ ਕੀਤਾ ਜਾਵੇਗਾ। ਭਾਰਤ ਅਤੇ ਅਮਰੀਕਾ ਦੇ ਵਫ਼ਦਾਂ ਨੇ ਪਿਛਲੇ ਹਫ਼ਤੇ ਵਾਸ਼ਿੰਗਟਨ ’ਚ ਸਮਝੌਤੇ ਲਈ ਪੰਜਵੇਂ ਗੇੜ ਦੀ ਵਾਰਤਾ ਮੁਕੰਮਲ ਕੀਤੀ ਸੀ। ਭਾਰਤ ਦੇ ਮੁੱਖ ਵਾਰਤਾਕਾਰ ਅਤੇ ਵਣਜ ਵਿਭਾਗ ਦੇ ਵਿਸ਼ੇਸ਼ ਸਕੱਤਰ ਰਾਜੇਸ਼ ਅਗਰਵਾਲ ਅਤੇ ਅਮਰੀਕਾ ਦੇ ਦੱਖਣੀ ਤੇ ਪੱਛਮੀ ਏਸ਼ੀਆ ਖ਼ਿੱਤੇ ਦੇ ਸਹਾਇਕ ਵਪਾਰ ਪ੍ਰਤੀਨਿਧ ਬ੍ਰੈਂਡਨ ਲਿੰਚ ਨੇ ਇਸ ਵਾਰਤਾ ’ਚ ਆਪੋ ਆਪਣੇ ਮੁਲਕਾਂ ਦੀ ਅਗਵਾਈ ਕੀਤੀ ਸੀ। ਦੋਵੇਂ ਮੁਲਕ ਇਕ ਅਗਸਤ ਤੋਂ ਪਹਿਲਾਂ-ਪਹਿਲਾਂ ਅੰਤਰਿਮ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀਆਂ ਕੋਸ਼ਿਸ਼ਾਂ ’ਚ ਲੱਗੇ ਹੋਏ ਹਨ। ਅੰਤਰਿਮ ਵਪਾਰ ਸਮਝੌਤਾ ਇਕ ਅਗਸਤ ਤੋਂ ਪਹਿਲਾਂ ਨੇਪਰੇ ਚੜ੍ਹਨ ਦੀ ਸੰਭਾਵਨਾ ਬਾਰੇ ਪੁੱਛੇ ਜਾਣ ’ਤੇ ਅਧਿਕਾਰੀ ਨੇ ਕਿਹਾ ਕਿ ਵਾਰਤਾ ਜਾਰੀ ਹੈ।
ਭਾਰਤ ਨੇ ਅਮਰੀਕਾ ਵੱਲੋਂ ਖੇਤੀਬਾੜੀ ਅਤੇ ਡੇਅਰੀ ਵਸਤਾਂ ’ਤੇ ਡਿਊਟੀ ’ਚ ਰਾਹਤ ਦੀ ਮੰਗ ਬਾਰੇ ਆਪਣਾ ਸਟੈਂਡ ਸਖ਼ਤ ਕੀਤਾ ਹੋਇਆ ਹੈ। ਭਾਰਤ ਵੱਲੋਂ ਮੁਕਤ ਵਪਾਰ ਸਮਝੌਤੇ ਤਹਿਤ ਡੇਅਰੀ ਸੈਕਟਰ ’ਚ ਕਿਸੇ ਵੀ ਵਪਾਰਕ ਭਾਈਵਾਲ ਨੂੰ ਡਿਊਟੀ ਵਿੱਚ ਕੋਈ ਰਾਹਤ ਨਹੀਂ ਦਿੱਤੀ ਜਾਂਦੀ ਹੈ। ਕੁਝ ਕਿਸਾਨ ਜਥੇਬੰਦੀਆਂ ਨੇ ਵੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਖੇਤੀਬਾੜੀ ਨਾਲ ਸਬੰਧਤ ਮੁੱਦਿਆਂ ਨੂੰ ਵਪਾਰ ਸਮਝੌਤੇ ’ਚ ਸ਼ਾਮਲ ਨਾ ਕਰੇ।