ਅਮਰੀਕੀ ਟੈਰਿਫ: ਕਿਸਾਨਾਂ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰੇਗਾ ਭਾਰਤ: ਜੈਸ਼ੰਕਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਅਮਰੀਕਾ ਨਾਲ ਵਪਾਰ ਵਾਰਤਾ ’ਚ ਭਾਰਤ ਦੀਆਂ ਵੀ ਕੁਝ ਹੱਦਾਂ ਹਨ। ਉਨ੍ਹਾਂ ਕਿਹਾ ਕਿ ਭਾਰਤ ਕਿਸਾਨਾਂ ਅਤੇ ਛੋਟੇ ਉਤਪਾਦਕਾਂ ਦੇ ਹਿੱਤਾਂ ਦੀ ਰੱਖਿਆ ਦੇ ਮਾਮਲੇ ’ਚ ਕੋਈ ਸਮਝੌਤਾ ਨਹੀਂ ਕਰੇਗਾ। ਜੈਸ਼ੰਕਰ ਨੇ ਕਿਹਾ ਕਿ ਦੋਵੇਂ ਮੁਲਕਾਂ ਵਿਚਾਲੇ ਵਪਾਰ ਸਮਝੌਤੇ ਲਈ ਗੱਲਬਾਤ ਜਾਰੀ ਹੈ। ਉਨ੍ਹਾਂ ਟਰੰਪ ਦੀ ਵਿਦੇਸ਼ ਨੀਤੀ ’ਤੇ ਵੀ ਸਵਾਲ ਖੜ੍ਹੇ ਕੀਤੇ। ਰੂਸ ਤੋਂ ਤੇਲ ਖ਼ਰੀਦੇ ਜਾਣ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਚੀਨ ਸਭ ਤੋਂ ਵੱਡਾ ਖ਼ਰੀਦਦਾਰ ਹੈ ਅਤੇ ਯੂਰਪ ਅਤੇ ਅਮਰੀਕਾ ਨੂੰ ਵੀ ਤੇਲ ਦੀ ਖ਼ਰੀਦ ਨਹੀਂ ਕਰਨੀ ਚਾਹੀਦੀ ਹੈ। ‘ਇਕਨੌਮਿਕ ਟਾਈਮਜ਼ ਵਰਲਡ ਲੀਡਰਜ਼ ਫੋਰਮ’ ’ਚ ਜੈਸ਼ੰਕਰ ਨੇ ਇਹ ਵੀ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਦੁਨੀਆ ਨਾਲ ਵਿਹਾਰ ਕਰਨ ਦਾ ਰਵੱਈਆ ਰਵਾਇਤੀ ਢੰਗ ਨਾਲੋਂ ਬਹੁਤ ਵੱਖਰਾ ਹੈ ਅਤੇ ਪੂਰੀ ਦੁਨੀਆ ਨੂੰ ਇਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਦੇਸ਼ ਮੰਤਰੀ ਨੇ ਕਿਹਾ, ‘‘ਹੁਣ ਤੱਕ ਅਜਿਹਾ ਕੋਈ ਅਮਰੀਕੀ ਰਾਸ਼ਟਰਪਤੀ ਨਹੀਂ ਹੋਇਆ, ਜਿਸ ਨੇ ਵਿਦੇਸ਼ ਨੀਤੀ ਨੂੰ ਮੌਜੂਦਾ ਰਾਸ਼ਟਰਪਤੀ ਵਾਂਗ ਜਨਤਕ ਤੌਰ ’ਤੇ ਚਲਾਇਆ ਹੋਵੇ। ਇਹ ਆਪਣੇ ਆਪ ’ਚ ਅਜਿਹਾ ਬਦਲਾਅ ਹੈ, ਜੋ ਸਿਰਫ਼ ਭਾਰਤ ਤੱਕ ਸੀਮਤ ਨਹੀਂ ਹੈ।’’ ਟਰੰਪ ਪ੍ਰਸ਼ਾਸਨ ਵੱਲੋਂ ਭਾਰਤ ’ਤੇ ਰੂਸ ਤੋਂ ਰਿਆਇਤੀ ਕੀਮਤ ’ਤੇ ਕੱਚਾ ਤੇਲ ਖ਼ਰੀਦ ਕੇ ਅੱਗੇ ਵੇਚਣ ਦੇ ਲਾਏ ਗਏ ਦੋਸ਼ਾਂ ਦਾ ਜਵਾਬ ਦਿੰਦਿਆਂ ਜੈਸ਼ੰਕਰ ਨੇ ਕਿਹਾ ਕਿ ਇਹ ਹਾਸੋ-ਹੀਣੀ ਗੱਲ ਹੈ ਕਿ ਵਪਾਰ ਹਮਾਇਤੀ ਅਮਰੀਕੀ ਪ੍ਰਸ਼ਾਸਨ ਦੇ ਲੋਕ ਦੂਜਿਆਂ ’ਤੇ ਵਪਾਰ ਕਰਨ ਦਾ ਦੋਸ਼ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਯੂਰਪ ਅਤੇ ਅਮਰੀਕਾ ਵੀ ਤੇਲ ਦਾ ਵਪਾਰ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਜੇ ਭਾਰਤ ਤੋਂ ਤੇਲ ਜਾਂ ਸੋਧੇ ਹੋਏ ਉਤਪਾਦ ਖ਼ਰੀਦਣ ’ਚ ਤੁਹਾਨੂੰ ਕੋਈ ਸਮੱਸਿਆ ਹੈ ਤਾਂ ਫਿਰ ਤੁਸੀਂ ਉਹ ਨਾ ਖ਼ਰੀਦੋ। ਤੁਹਾਨੂੰ ਇਹ ਉਤਪਾਦ ਖ਼ਰੀਦਣ ਲਈ ਕੋਈ ਵੀ ਮਜਬੂਰ ਨਹੀਂ ਕਰ ਰਿਹਾ ਹੈ। ਪਰ ਯੂਰਪ ਅਤੇ ਅਮਰੀਕਾ ਤੇਲ ਖ਼ਰੀਦ ਰਹੇ ਹਨ ਅਤੇ ਇਹ ਤੁਹਾਨੂੰ ਪਸੰਦ ਨਹੀਂ ਹੈ ਤਾਂ ਫਿਰ ਤੁਸੀਂ ਵੀ ਇਹ ਨਾ ਖ਼ਰੀਦੋ।’’ ਉਨ੍ਹਾਂ ਇਸ ਗੱਲ ਨੂੰ ਵੀ ਖਾਰਜ ਕਰ ਦਿੱਤਾ ਕਿ ਭਾਰਤ-ਅਮਰੀਕਾ ਸਬੰਧਾਂ ’ਚ ਤਣਾਅ ਦੇ ਮੱਦੇਨਜ਼ਰ ਚੀਨ ਨਾਲ ਭਾਰਤ ਦੇ ਸਬੰਧ ਬਿਹਤਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਬਹੁਤ ਹੀ ਵੱਖਰੇ ਹਾਲਾਤ ਲਈ ਹਰ ਗੱਲ ਨੂੰ ਨਾਲ ਜੋੜ ਕੇ ਅਜਿਹੇ ਰਾਏ ਬਣਾਉਣ ਦੀ ਕੋਸ਼ਿਸ਼ ਕਰਨਾ ਗਲਤ ਵਿਸ਼ਲੇਸ਼ਣ ਹੋਵੇਗਾ।
ਸਰਕਾਰ ਸੁਧਾਰ ਜਾਰੀ ਰੱਖੇਗੀ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੁਲਕ ਛੇਤੀ ਹੀ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਭਾਰਤ ਨੂੰ 2047 ਤੱਕ ਵਿਕਸਤ ਮੁਲਕ ਬਣਾਉਣ ਲਈ ਸੁਧਾਰਾਂ ਨੂੰ ਜਾਰੀ ਰੱਖੇਗੀ। ਇਥੇ ਇਕਨੌਮਿਕ ਟਾਈਮਜ਼ ਵਰਲਡ ਲੀਡਰਜ਼ ਫੋਰਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀਐੱਸਟੀ ’ਚ ਸੁਧਾਰਾਂ ਦਾ ਅਮਲ ਦੀਵਾਲੀ ਤੋਂ ਪਹਿਲਾਂ ਮੁਕੰਮਲ ਹੋ ਜਾਵੇਗਾ। ਉਨ੍ਹਾਂ ਪ੍ਰਾਈਵੇਟ ਸੈਕਟਰ ਨੂੰ ਖੋਜ ਅਤੇ ਵਿਕਾਸ ਦੇ ਵੱਖ ਵੱਖ ਖੇਤਰਾਂ ’ਚ ਨਿਵੇਸ਼ ਵਧਾਉਣ ਦਾ ਸੱਦਾ ਵੀ ਦਿੱਤਾ। -ਪੀਟੀਆਈ
ਕਵਾਤੜਾ ਵੱਲੋਂ ਅਮਰੀਕਾ ਦੇ ਹੋਰ ਆਗੂਆਂ ਨਾਲ ਮੁਲਾਕਾਤ
ਨਿਊਯਾਰਕ: ਅਮਰੀਕਾ ਨਾਲ ਵਪਾਰ ਦੇ ਮੁੱਦੇ ’ਤੇ ਚੱਲ ਰਹੇ ਤਣਾਅ ਦਰਮਿਆਨ ਭਾਰਤੀ ਸਫ਼ੀਰ ਵਿਨੈ ਮੋਹਨ ਕਵਾਤੜਾ ਨੇ ਕੁਝ ਹੋਰ ਅਮਰੀਕੀ ਆਗੂਆਂ ਨਾਲ ਮੁਲਾਕਾਤ ਕੀਤੀ ਹੈ। ਭਾਰਤੀ ਸਫ਼ੀਰ ਹੁਣ ਤੱਕ 19 ਸੈਨੇਟਰਾਂ ਅਤੇ ਕਾਂਗਰਸਮੈੱਨ ਨਾਲ ਮੁਲਾਕਾਤ ਕਰ ਚੁੱਕੇ ਹਨ। ਉਨ੍ਹਾਂ ਹਾਊਸ ਇੰਟੈਲੀਜੈਂਸ ਕਮੇਟੀ ਦੀ ਮੈਂਬਰ ਕਲੌਡੀਆ ਟੇਨੀ, ਵਿਦੇਸ਼ ਮਾਮਲਿਆਂ ਅਤੇ ਖੇਤੀ ਨਾਲ ਸਬੰਧਤ ਕਮੇਟੀ ਦੇ ਮੈਂਬਰ ਜੌਨਾਥਨ ਐੱਲ ਜੈਕਸਨ ਅਤੇ ਸੰਸਦ ਮੈਂਬਰ ਹੇਲੀ ਸਟੀਵਨਸ ਨਾਲ ਮੁਲਾਕਾਤ ਕੀਤੀ। ਕਵਾਤੜਾ ਨੇ ਇਨ੍ਹਾਂ ਆਗੂਆਂ ਨਾਲ ਵਪਾਰਕ ਸਬੰਧਾਂ ਬਾਰੇ ਚਰਚਾ ਕਰਦਿਆਂ ਦੁਵੱਲੇ ਰਿਸ਼ਤੇ ਸੁਧਾਰਨ ’ਤੇ ਜ਼ੋਰ ਦਿੱਤਾ। -ਪੀਟੀਆਈ
‘ਪਾਕਿ ਨਾਲ ਸਬੰਧਾਂ ਲਈ ਕਿਸੇ ਦੀ ਵਿਚੋਲਗੀ ਮਨਜ਼ੂਰ ਨਹੀਂ’
ਨਵੀਂ ਦਿੱਲੀ: ਜੈਸ਼ੰਕਰ ਨੇ ਕਿਹਾ ਕਿ ਪਾਕਿਸਤਾਨ ਨਾਲ ਸਬੰਧਾਂ ਦੇ ਮੁੱਦੇ ’ਤੇ ਕਿਸੇ ਮੁਲਕ ਦੀ ਵਿਚੋਲਗੀ ਮਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ ਕਿ 50 ਸਾਲਾਂ ਤੋਂ ਵੱਧ ਸਮੇਂ ਤੋਂ ਇਸ ਬਾਰੇ ਕੌਮੀ ਸਹਿਮਤੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਮੁੱਦੇ ’ਤੇ ਕਿਸੇ ਤੀਜੇ ਮੁਲਕ ਦਾ ਦਖ਼ਲ ਸਵੀਕਾਰ ਨਹੀਂ ਕੀਤਾ ਜਾਵੇਗਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਮਈ ’ਚ ਭਾਰਤ-ਪਾਕਿਸਤਾਨ ਵਿਚਾਲੇ ਟਕਰਾਅ ਰੋਕੇ ਜਾਣ ਦੇ ਵਾਰ ਵਾਰ ਕੀਤੇ ਜਾ ਰਹੇ ਦਾਅਵਿਆਂ ’ਤੇ ਜੈਸ਼ੰਕਰ ਦਾ ਇਹ ਬਿਆਨ ਆਇਆ ਹੈ। -ਪੀਟੀਆਈ