ਅਮਰੀਕਾ: ਐੱਚ1ਬੀ ਵੀਜ਼ਾ ਤੇ ਗਰੀਨ ਕਾਰਡ ਪ੍ਰਕਿਰਿਆ ’ਚ ਤਬਦੀਲੀ ਦੀ ਯੋਜਨਾ
ਭਾਰਤ ਅਤੇ ਅਮਰੀਕਾ ਵਿਚਾਲੇ ਟੈਰਿਫ਼ਾਂ ਕਾਰਨ ਚੱਲ ਰਹੇ ਤਣਾਅ ਦਰਮਿਆਨ ਟਰੰਪ ਪ੍ਰਸ਼ਾਸਨ ਨੇ ਐੱਚ1ਬੀ ਪ੍ਰੋਗਰਾਮ ਅਤੇ ਗਰੀਨ ਕਾਰਡ ਪ੍ਰਕਿਰਿਆ ’ਚ ਤਬਦੀਲੀ ਦੀ ਯੋਜਨਾ ਬਣਾਈ ਹੈ। ਐੱਚ1ਬੀ ਵੀਜ਼ਾ ਭਾਰਤੀ ਆਈਟੀ ਮਾਹਿਰਾਂ ’ਚ ਬਹੁਤ ਮਕਬੂਲ ਹੈ। ਅਮਰੀਕੀ ਵਣਜ ਮੰਤਰੀ ਹਾਵਰਡ ਲੁੁਟਨਿਕ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਗਰੀਨ ਕਾਰਡ ਪ੍ਰਕਿਰਿਆ, ਜਿਸ ਰਾਹੀਂ ਅਮਰੀਕਾ ’ਚ ਪਰਮਾਨੈਂਟ ਰੈਜ਼ੀਡੈਂਸੀ (ਪੀਆਰ) ਮੁਹੱਈਆ ਕਰਵਾਈ ਜਾਂਦੀ ਹੈ, ਵਿੱਚ ਤਬਦੀਲੀ ਕਰਨ ਜਾ ਰਿਹਾ ਹੈ। ਟਰੰਪ ਪ੍ਰਸ਼ਾਸਨ ਵੱਲੋਂ ਇਹ ਕਦਮ ਉਸ ਸਮੇਂ ਚੁੱਕਿਆ ਜਾ ਰਿਹਾ ਹੈ ਜਦੋਂ ਭਾਰਤ ’ਤੇ 50 ਫ਼ੀਸਦ ਟੈਰਿਫ਼ ਲਾਉਣ ਕਾਰਨ ਦੋਵੇਂ ਮੁਲਕਾਂ ਵਿਚਾਲੇ ਤਣਾਅ ਚੱਲ ਰਿਹਾ ਹੈ। ਇਸ ਦੌਰਾਨ ਟਰੰਪ ਪ੍ਰਸ਼ਾਸਨ ਨੇ ਵਿਦੇਸ਼ੀ ਵਿਦਿਆਰਥੀਆਂ ਅਤੇ ਮੀਡੀਆ ਕਰਮੀਆਂ ਲਈ ਵੀਜ਼ੇ ਦੀ ਮਿਆਦ ਸੀਮਤ ਕਰਨ ਦੀ ਤਜਵੀਜ਼ ਵੀ ਰੱਖੀ ਹੈ। ਹੋਮਲੈਂਡ ਸੁਰੱਖਿਆ ਵਿਭਾਗ (ਡੀਐੱਚਐੱਸ) ਨੇ ਇਕ ਪ੍ਰੈੱਸ ਬਿਆਨ ’ਚ ਕਿਹਾ ਕਿ ਜੇ ਤਜਵੀਜ਼ਤ ਨੇਮ ਨੂੰ ਅੰਤਿਮ ਰੂਪ ਦਿੱਤਾ ਜਾਂਦਾ ਹੈ ਤਾਂ ਵਿਦੇਸ਼ੀ ਵਿਦਿਆਰਥੀਆਂ ਸਣੇ ਕੁਝ ਵੀਜ਼ਾਧਾਰਕਾਂ ਲਈ ਅਮਰੀਕਾ ’ਚ ਰਹਿਣ ਦੀ ਸਮਾਂ-ਹੱਦ ਸੀਮਤ ਹੋ ਜਾਵੇਗੀ। ਸਾਲ 1978 ਤੋਂ ਵਿਦੇਸ਼ੀ ਵਿਦਿਆਰਥੀਆਂ (ਐੱਫ ਵੀਜ਼ਾਧਾਰਕਾਂ) ਨੂੰ ਅਣਮਿੱਥੇ ਸਮੇਂ ਲਈ ਅਮਰੀਕਾ ’ਚ ਦਾਖ਼ਲਾ ਦਿੱਤਾ ਜਾਂਦਾ ਰਿਹਾ ਹੈ। ਡੀਐੱਚਐੱਸ ਨੇ ਕਿਹਾ ਕਿ ਹੋਰ ਵੀਜ਼ਿਆਂ ਦੇ ਉਲਟ ‘ਐੱਫ’ ਵੀਜ਼ਾਧਾਰਕਾਂ ਨੂੰ ਬਿਨਾਂ ਕਿਸੇ ਵਾਧੂ ਜਾਂਚ-ਪੜਤਾਲ ਦੇ ਅਣਮਿੱਥੇ ਸਮੇਂ ਲਈ ਅਮਰੀਕਾ ’ਚ ਰਹਿਣ ਦੀ ਇਜਾਜ਼ਤ ਹੁੰਦੀ ਹੈ। ਹੋਮਲੈਂਡ ਸੁਰੱਖਿਆ ਵਿਭਾਗ ਦੇ ਤਰਜਮਾਨ ਨੇ ਆਖਿਆ, ‘‘ਲੰਮੇ ਸਮੇਂ ਤੋਂ ਪਿਛਲੇ ਪ੍ਰਸ਼ਾਸਨਾਂ ਨੇ ਵਿਦੇਸ਼ੀ ਵਿਦਿਆਰਥੀਆਂ ਅਤੇ ਹੋਰ ਵੀਜ਼ਾਧਾਰਕਾਂ ਨੂੰ ਅਮਰੀਕਾ ’ਚ ਲਗਪਗ ਅਣਮਿੱਥੇ ਸਮੇਂ ਲਈ ਰਹਿਣ ਦੀ ਇਜਾਜ਼ਤ ਦਿੱਤੀ ਹੈ, ਜਿਸ ਨਾਲ ਸੁਰੱਖਿਆ ਜੋਖ਼ਮ ਪੈਦਾ ਹੋਇਆ ਹੈ। ਟੈਕਸ ਅਦਾ ਕਰਨ ਵਾਲਿਆਂ ਨੂੰ ਵੱਡੀ ਹਾਨੀ ਅਤੇ ਅਮਰੀਕੀ ਨਾਗਰਿਕਾਂ ਨੂੰ ਨੁਕਸਾਨ ਹੋਇਆ ਹੈ।’’ ਤਰਜਮਾਨ ਮੁਤਾਬਕ ਨਵਾਂ ਤਜ਼ਵੀਜ਼ਤ ਨੇਮ ਕੁਝ ਵੀਜ਼ਾਧਾਰਕਾਂ ਨੂੰ ਅਮਰੀਕਾ ’ਚ ਰਹਿਣ ਦੀ ਮਿਆਦ ਸੀਮਤ ਕਰਕੇ ਇਸ ਦੁਰਵਰਤੋਂ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ। ਵਿਦੇਸ਼ੀ ਮੀਡੀਆ ਕਰਮੀ ਪੰਜ ਸਾਲ ਲਈ ਜਾਰੀ ਕੀਤੇ ‘ਆਈ’ ਵੀਜ਼ਾ ਤਹਿਤ ਅਮਰੀਕਾ ’ਚ ਕੰਮ ਕਰ ਸਕਦੇ ਹਨ, ਜਿਸ ਨੂੰ ਕਈ ਵਾਰ ਵਧਾਇਆ ਜਾ ਸਕਦਾ ਹੈ। ਹਾਲਾਂਕਿ ਨਵੇਂ ਨਿਯਮ ਤਹਿਤ ਮੁੱਢਲੀ ਮਿਆਦ 240 ਦਿਨਾਂ ਤੱਕ ਤੈਅ ਕੀਤੀ ਜਾਵੇਗੀ। -ਪੀਟੀਆਈ