ਅਮਰੀਕਾ 30 ਨਵੰਬਰ ਮਗਰੋਂ ਭਾਰਤੀ ਵਸਤਾਂ ਤੋਂ ਹਟਾ ਸਕਦੈ 25 ਫ਼ੀਸਦ ਟੈਰਿਫ
ਮੁੱਖ ਆਰਥਿਕ ਸਲਾਹਕਾਰ ਵੀ. ਅਨੰਤ ਨਾਗੇਸ਼ਵਰਨ ਨੇ ਅੱਜ ਕਿਹਾ ਕਿ ਅਮਰੀਕਾ ਭਾਰਤੀ ਵਸਤਾਂ ’ਤੇ ਲਾਇਆ ਵਾਧੂ 25 ਫ਼ੀਸਦ ਟੈਰਿਫ 30 ਨਵੰਬਰ ਤੋਂ ਬਾਅਦ ਹਟਾ ਸਕਦਾ ਹੈ। ਉਨ੍ਹਾਂ ਦੇ ਇਸ ਬਿਆਨ ਨੇ ਵਧਦੇ ਵਪਾਰਕ ਅੜਿੱਕਿਆਂ ਨਾਲ ਜੂਝ ਰਹੇ ਭਾਰਤੀ ਬਰਾਮਦਕਾਰਾਂ ਲਈ ਆਸ ਦੀ ਕਿਰਨ ਜਗਾਈ ਹੈ।
ਕੋਲਕਾਤਾ ਵਿੱਚ ਮਰਚੈਂਟਸ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਸਮਾਗਮ ’ਚ ਬੋਲਦਿਆਂ ਨਾਗੇਸ਼ਵਰਨ ਨੇ ਹਾਲੀਆ ਭੂ-ਰਾਜਨੀਤਕ ਅਤੇ ਆਰਥਿਕ ਤਬਦੀਲੀਆਂ ਨੂੰ ਰਾਹਤ ਦੇ ਸੰਕੇਤ ਵਜੋਂ ਉਭਾਰਿਆ। ਉਨ੍ਹਾਂ ਆਖਿਆ, ‘‘ਮੈਨੂੰ ਹਾਲੇ ਵੀ ਲੱਗਦਾ ਹੈ ਕਿ ਭੂ-ਰਾਜਨੀਤਕ ਹਾਲਾਤ ਦੂਜੇ 25 ਪ੍ਰਤੀਸ਼ਤ ਟੈਰਿਫ ਦਾ ਕਾਰਨ ਬਣ ਸਕਦਾ ਹੈ ਪਰ ਪਿਛਲੇ ਕੁਝ ਹਫ਼ਤਿਆਂ ਦੇ ਘਟਨਾਕ੍ਰਮ ਦੇ ਮੱਦੇਨਜ਼ਰ ਮੇਰਾ ਮੰਨਣਾ ਹੈ ਕਿ 30 ਨਵੰਬਰ ਤੋਂ ਬਾਅਦ ਟੈਰਿਫ ਨਹੀਂ ਰਹੇਗਾ।’’
ਨਾਗੇਸ਼ਵਰਨ ਦੀਆਂ ਟਿੱਪਣੀਆਂ ਅਮਰੀਕੀ ਸਹਾਇਕ ਵਪਾਰ ਪ੍ਰਤੀਨਿਧੀ ਬ੍ਰੈਂਡਨ ਲਿੰਚ ਅਤੇ ਭਾਰਤ ਦੇ ਮੁੱਖ ਵਾਰਤਾਕਾਰ ਅਤੇ ਵਣਜ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਰਾਜੇਸ਼ ਅਗਰਵਾਲ ਵਿਚਾਲੇ ਨਵੀਂ ਦਿੱਲੀ ਵਿੱਚ ਵਪਾਰ ਗੱਲਬਾਤ ਦੇ ਅਗਲੇ ਕਦਮ ’ਤੇ ਲੰਮੀ ਮੀਟਿੰਗ ਤੋਂ ਦੋ ਦਿਨ ਬਾਅਦ ਆਈਆਂ ਹਨ। ਮੀਟਿੰਗ ’ਚ ਦੋਵਾਂ ਧਿਰਾਂ ਵੱਲੋਂ ਭਾਰਤ-ਅਮਰੀਕਾ ਵਿਚਾਲੇ ਦੁਵੱਲੇ ਵਪਾਰ ਸਮਝੌਤੇ ਜਲਦੀ ਪੂਰਾ ਕਰਨ ਲਈ ਯਤਨ ਤੇਜ਼ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਚੋਣਵੇਂ ਭਾਰਤੀ ਉਤਪਾਦਾਂ ’ਤੇ 50 ਪ੍ਰਤੀਸ਼ਤ ਟੈਰਿਫ ਲਗਾਉਣ ਤੋਂ ਬਾਅਦ ਵਪਾਰ ਸਮਝੌਤੇ ਲਈ ਗੱਲਬਾਤ ਮੁਲਤਵੀ ਕਰ ਦਿੱਤੀ ਗਈ ਸੀ।
ਨਾਗੇਸ਼ਵਰਨ ਨੇ ਅਗਲੇ ਕੁਝ ਮਹੀਨਿਆਂ ’ਚ ਮੁੱਢਲਾ ਜਵਾਬੀ ਟੈਰਿਫ 10-15 ਪ੍ਰਤੀਸ਼ਤ ਤੱਕ ਘਟਾਉਣ ਸਮੇਤ ਵਿਆਪਕ ਹੱਲ ਉਮੀਦ ਜਤਾਈ ਹੈ। ਉਨ੍ਹਾਂ ਨੇ ਚੱਲ ਰਹੀ ਦੁਵੱਲੀ ਗੱਲਬਾਤ ’ਤੇ ਜ਼ੋਰ ਦਿੰਦਿਆਂ ਆਖਿਆ, ‘‘ਮੈਨੂੰ ਯਕੀਨ ਹੈ ਕਿ ਅਗਲੇ ਕੁਝ ਮਹੀਨਿਆਂ ਵਿੱਚ ਟੈਰਿਫ ’ਤੇ ਕੋਈ ਹੱਲ ਨਿਕਲ ਆਵੇਗਾ।’’ ਨਾਗੇਸ਼ਵਰਨ ਮੁਤਾਬਕ ਆਲਮੀ ਚੁਣੌਤੀਆਂ ਦੇ ਬਾਵਜੂਦ ਅਰਥਚਾਰਾ ਲਚਕੀਲਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ, ‘‘ਚਾਲੂੁ ਵਿੱਤੀ ਵਰ੍ਹੇ ਵਿੱਚ ਵਪਾਰ ਮਜ਼ਬੂਤ ਹੈ ਵਿਦੇਸ਼ੀ ਮੁਦਰਾ ਭੰਡਾਰ ਠੀਕ ਹੈ।’’ ਉਨ੍ਹਾਂ ਕਿਹਾ ਕਿ ਲਚਕਤਾ ਭਾਰਤੀ ਅਰਥਚਾਰੇ ਨੂੰ ‘ਮਜ਼ਬੂਤ ਤੇ ਖੁੱਲ੍ਹੇ ਅਰਥਚਾਰੇ ਵਜੋਂ ਸਥਾਪਤ ਕਰਦੀ ਹੈ, ਜੋ ਆਲਮੀ ਚੁਣੌਤੀਆਂ ਦਾ ਟਾਕਰਾ ਕਰਨ ਦੇ ਸਮਰੱਥ ਹੈ।