ਅਮਰੀਕਾ ਚੋਣਾਂ: ਸਭ ਨਜ਼ਰਾਂ ਮਮਦਾਨੀ ’ਤੇ
ਅਮਰੀਕਾ ਵਿੱਚ ਸਥਾਨਕ ਸਮੇਂ ਅਨੁਸਾਰ ਸਵੇਰੇ 6 ਵਜੇ ਵੋਟਿੰਗ ਸ਼ੁਰੂ ਹੋ ਗਈ ਅਤੇ ਸਾਰਿਆਂ ਦੀਆਂ ਨਜ਼ਰਾਂ ਨਿਊਯਾਰਕ ਸ਼ਹਿਰ ਦੇ ਮੇਅਰ ਦੇ ਅਹੁਦੇ ਦੀ ਚੋਣ ’ਤੇ ਟਿਕੀਆਂ ਹੋਈਆਂ ਹਨ ਜਿੱਥੋਂ ਡੈਮੋਕਰੈਟ ਉਮੀਦਵਾਰ ਜ਼ੋਹਰਾਨ ਮਮਦਾਨੀ ਚੋਣ ਲੜ ਰਹੇ ਹਨ; ਉਨ੍ਹਾਂ ਨੂੰ ਵੋਟਾਂ ਦੀ ਦੌੜ ’ਚ ਸਭ ਤੋਂ ਅੱਗੇ ਦੱਸਿਆ ਜਾ ਰਿਹਾ ਹੈ। ਇਨ੍ਹਾਂ ਚੋਣਾਂ ਲਈ ਪ੍ਰਚਾਰ ਦੌਰਾਨ ਟਰੰਪ ਨੇ ਚਿਤਾਵਨੀ ਦਿੱਤੀ ਸੀ ਕਿ ਜੇ ਮਮਦਾਨੀ ਮੇਅਰ ਦੀ ਚੋਣ ਜਿੱਤਦੇ ਹਨ ਤਾਂ ਨਿਊਯਾਰਕ ਸ਼ਹਿਰ ਤਬਾਹ ਹੋ ਜਾਵੇਗਾ। ਮਮਦਾਨੀ (34) ਦਾ ਜਨਮ ਅਫਰੀਕੀ ਦੇਸ਼ ਯੁਗਾਂਡਾ ’ਚ ਹੋਇਆ ਹੈ ਅਤੇ ਨਿਊਯਾਰਕ ਸ਼ਹਿਰ ਪਲਿਆ ਤੇ ਵੱਡਾ ਹੋਇਆ ਹੈ। ਮਸ਼ਹੂਰ ਭਾਰਤੀ ਫਿਲਮਸਾਜ਼ ਮੀਰਾ ਨਾਇਰ ਤੇ ਭਾਰਤੀ ਮੂਲ ਦੇ ਯੁਗਾਂਡਾ ਲੇਖਕ ਮਹਿਮੂਦ ਮਮਦਾਨੀ ਦੇ ਪੁੱਤਰ ਜ਼ੋਹਰਾਨ ਮਮਦਾਨੀ ਦਾ ਮੁਕਾਬਲਾ ਆਜ਼ਾਦ ਉਮੀਦਵਾਰ ਤੇ ਨਿਊਯਾਰਕ ਦੇ ਸਾਬਕਾ ਮੇਅਰ ਐਂਡ੍ਰਿਊ ਕੂਮੋ ਤੇ ਰਿਪਬਲਿਕਨ ਉਮੀਦਵਾਰ ਕਰਟਿਸ ਸਿਲਵਾ ਨਾਲ ਹੈ।
ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਿਊਯਾਰਕ ਸ਼ਹਿਰ ਦੇ ਵੋਟਰਾਂ ਨੂੰ ਚਿਤਾਵਨੀ ਦਿੱਤੀ ਕਿ ਜੇ ਡੈਮੋਕਰੈਟਿਕ ਉਮੀਦਵਾਰ ਜ਼ੋਹਰਾਨ ਮਮਦਾਨੀ ਮੇਅਰ ਦੀ ਚੋਣ ਜਿੱਤਦਾ ਹੈ ਤਾਂ ਇਹ ਨਿਊਯਾਰਕ ਲਈ ‘ਮੁਕੰਮਲ ਆਰਥਿਕ ਤੇ ਸਮਾਜਿਕ ਤਬਾਹੀ ਹੋਵੇਗੀ’ ਤੇ ਸ਼ਹਿਰ ਦੀ ‘ਹੋਂਦ’ ਲਈ ਖ਼ਤਰਾ ਖੜ੍ਹਾ ਹੋ ਜਾਵੇਗਾ। ਟਰੰਪ ਮੇਅਰ ਦੀ ਚੋਣ ਲਈ ਅਧਿਕਾਰਤ ਤੌਰ ’ਤੇ ਸਾਬਕਾ ਗਵਰਨਰ ਐਂਡ੍ਰਿਊ ਕੂਮੋ ਦੀ ਹਮਾਇਤ ਕਰ ਰਹੇ ਹਨ ਜੋ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਿਹਾ ਹੈ। ਦੂਜੇ ਪਾਸੇ, ਜ਼ੋਹਰਾਨ ਮਮਦਾਨੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਉਨ੍ਹਾਂ ਦੀ ਮੁਹਿੰਮ ਤੋਂ ‘ਖਤਰਾ’ ਮਹਿਸੂਸ ਕਰ ਰਹੇ ਹਨ, ਇਸ ਲਈ ਉਹ ਵੋਟਰਾਂ ਨੂੰ ਧਮਕੀਆਂ ਦੇ ਰਹੇ ਹਨ।
