ਅਮਰੀਕਾ ਨੇ ਦੋ ਜੰਗੀ ਬੇੜੇ ਦੱਖਣੀ ਚੀਨ ਸਾਗਰ ’ਚ ਕੀਤੇ ਤਾਇਨਾਤ
ਅਮਰੀਕਾ ਨੇ ਅੱਜ ਦੱਖਣੀ ਚੀਨ ਸਾਗਰ ਦੇ ਵਿਵਾਦਤ ਜਲ ਖੇਤਰ ’ਚ ਦੋ ਜੰਗੀ ਬੇੜੇ ਤਾਇਨਾਤ ਕੀਤੇ ਹਨ ਜਿੱਥੇ ਦੋ ਦਿਨ ਪਹਿਲਾਂ ਫਿਲਪੀਨਜ਼ ਦੇ ਇੱਕ ਛੋਟੇ ਜਹਾਜ਼ ਨੂੰ ਖਦੇੜਨ ਦੀ ਕੋਸ਼ਿਸ਼ ’ਚ ਚੀਨੀ ਜਲ ਸੈਨਾ ਤੇ ਤੱਟ ਰੱਖਿਅਕ ਸੇਵਾ ਦੇ ਬੇੜੇ ਆਪਸ ’ਚ ਟਕਰਾ ਗਏ ਸਨ। ਇਸ ਘਟਨਾ ਦੀ ਵੀਡੀਓ ਸਾਹਮਣੇ ਆਉਣ ਮਗਰੋਂ ਪੱਛਮੀ ਤੇ ਏਸ਼ਿਆਈ ਦੇਸ਼ ਫਿਕਰਮੰਦ ਹੋ ਗਏ ਸਨ।
ਚੀਨ ਤੇ ਫਿਲਪੀਨਜ਼ ਦੋਵੇਂ ਹੀ ਸਕਾਰਬੋਰੋ ਸ਼ੋਲ ਤੇ ਦੱਖਣੀ ਚੀਨ ਸਾਗਰ ਦੇ ਬਾਹਰੀ ਹਿੱਸਿਆਂ ’ਤੇ ਆਪਣਾ ਦਾਅਵਾ ਕਰਦੇ ਹਨ। ਵੀਅਤਨਾਮ, ਮਲੇਸ਼ੀਆ, ਬਰੁਨੇਈ ਤੇ ਤਾਇਵਾਨ ਵੀ ਵਿਵਾਦਤ ਜਲ ਖੇਤਰ ’ਤੇ ਦਾਅਵਾ ਜਤਾਉਂਦੇ ਹਨ। ਅਮਰੀਕਾ ਨੇ ਸਕਾਰਬੋਰੋ ਸ਼ੋਲ ਤੋਂ ਤਕਰੀਬਨ ਤਕਰੀਬਨ 30 ਸਮੁੰਦਰੀ ਮੀਲ ਦੂਰ ਯੂਐੱਸਐੱਸ ਹਿੰਗਿਜ਼ ਅਤੇ ਯੂਐੱਸਐੱਸ ਸਿਨਸਿਨਾਟੀ ਨਾਂ ਦੇ ਜੰਗੀ ਬੇੜੇ ਤਾਇਨਾਤ ਕੀਤੇ ਹਨ। ਫਿਲਪੀਨਜ਼ ਤੱਟ ਰੱਖਿਅਕ ਦੇ ਕਮੋਡੋਰ ਜੇ ਟਾਰੀਏਲਾ ਨੇ ਅਮਰੀਕੀ ਅਧਿਕਾਰੀਆਂ ਤੇ ਫਿਲਪੀਨਜ਼ ਨਿਗਰਾਨੀ ਸੰਸਥਾ ਤੋਂ ਪ੍ਰਾਪਤ ਜਾਣਕਾਰੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਫਿਲਹਾਲ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਕੋਈ ਰਿਪੋਰਟ ਨਹੀਂ ਹੈ। ਲੰਘੇ ਸੋਮਵਾਰ ਚੀਨੀ ਜਲ ਸੈਨਾ ਤੇ ਤੱਟ ਰੱਖਿਅਕ ਬਲ ਦੇ ਦੋ ਜਹਾਜ਼ ਸਕਾਰਬੋਰੋ ਤੋਂ ਤਕਰੀਬਨ 10.5 ਸਮੁੰਦਰੀ ਮੀਲ ਦੂਰ ਇੱਕ ਛੋਟੇ ਫਿਲਪੀਨਜ਼ ਜਹਾਜ਼ ਬੀਆਰਪੀ ਸੁਲੁਆਨ ਨੂੰ ਰੋਕਣ ਦੀ ਕੋਸ਼ਿਸ਼ ਕਰਦਿਆਂ ਆਪਸ ’ਚ ਟਕਰਾ ਗਏ ਸਨ। ਜਪਾਨ, ਆਸਟਰੇਲੀਆ ਤੇ ਨਿਊਜ਼ੀਲੈਂਡ ਨੇ ਅੱਜ ਇਸ ਖਤਰਨਾਕ ਘਟਨਾ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਇਹ ਟੱਕਰ ਜਿਸ ਜਲ ਖੇਤਰ ’ਚ ਹੋਈ ਹੈ ਉਹ ਇੱਕ ਅਹਿਮ ਵਪਾਰਕ ਮਾਰਗ ਹੈ।