ਅਮਰੀਕਾ ਨੇ ਪਹਿਲਗਾਮ ਦਹਿਸ਼ਤੀ ਹਮਲੇ ਲਈ ਜ਼ਿੰਮੇਵਾਰ TRF ਨੂੰ ਦਹਿਸ਼ਤੀ ਜਥੇਬੰਦੀ ਐਲਾਨਿਆ
ਪਹਿਲਗਾਮ ਦਹਿਸ਼ਤੀ ਹਮਲੇ ਦੇ ਸਾਜ਼ਿਸ਼ਘਾੜਿਆਂ ਦੀ ਪਛਾਣ ਕਰਨ ਦੇ ਭਾਰਤ ਦੇ ਦਾਅਵਿਆਂ ਨਾਲ ਸਹਿਮਤੀ ਜਤਾਉਂਦਿਆਂ ਅਮਰੀਕਾ ਨੇ ਪਾਕਿਸਤਾਨ ਸਥਿਤ ਦਿ ਰੈਜ਼ਿਸਟੈਂਸ ਫਰੰਟ (TRF) ਨੂੰ ਵਿਦੇਸ਼ੀ ਅਤਿਵਾਦੀ ਸੰਗਠਨ (FTO) ਅਤੇ ਵਿਸ਼ੇਸ਼ ਤੌਰ ’ਤੇ ਨਾਮਜ਼ਦ ਗਲੋਬਲ ਅਤਿਵਾਦੀ (SDGT) ਵਜੋਂ ਨਾਮਜ਼ਦ ਕੀਤਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਵੀਰਵਾਰ ਨੂੰ ਕਿਹਾ ਕਿ ਟੀਆਰਐੱਫ ਜੋ ਲਸ਼ਕਰ-ਏ-ਤੋਇਬਾ (LeT) ਦਾ ਹੀ ਇਕ ਫਰੰਟ ਅਤੇ ਪ੍ਰੌਕਸੀ ਹੈ, ਨੇ 22 ਅਪਰੈਲ, 2025 ਨੂੰ ਹੋਏ ਪਹਿਲਗਾਮ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਹਮਲੇ ਵਿੱਚ 26 ਭਾਰਤੀ ਨਾਗਰਿਕ ਮਾਰੇ ਗਏ ਸਨ।
ਰੂਬੀਓ ਨੇ ਕਿਹਾ ਕਿ ‘ਵਿਦੇਸ਼ ਵਿਭਾਗ ‘ਦ ਰੈਜ਼ਿਸਟੈਂਸ ਫਰੰਟ’ (TRF) ਨੂੰ ਵਿਦੇਸ਼ੀ ਅਤਿਵਾਦੀ ਸੰਗਠਨ (FTO) ਅਤੇ ਵਿਸ਼ੇਸ਼ ਤੌਰ ’ਤੇ ਨਾਮਜ਼ਦ ਗਲੋਬਲ ਅਤਿਵਾਦੀ (SDGT) ਵਜੋਂ ਨਾਮਜ਼ਦ ਕਰ ਰਿਹਾ ਹੈ।’ ਵਿਦੇਸ਼ ਮੰਤਰੀ ਨੇ ਕਿਹਾ ਕਿ ਟੀਆਰਐੱਫ ਤੇ ਹੋਰਨਾਂ ਉਪ ਨਾਵਾਂ ਨੂੰ ਕ੍ਰਮਵਾਰ ਇਮੀਗ੍ਰੇਸ਼ਨ ਅਤੇ ਰਾਸ਼ਟਰੀਅਤਾ ਐਕਟ ਦੀ ਧਾਰਾ 219 ਅਤੇ ਕਾਰਜਕਾਰੀ ਆਦੇਸ਼ 13224 ਅਨੁਸਾਰ ਲਸ਼ਕਰ-ਏ-ਤੋਇਬਾ ਦੇ ਮੌਜੂਦਾ ਉਪਨਾਮ ਵਿਚ FTO ਅਤੇ SDGT ਵਜੋਂ ਜੋੜਿਆ ਗਿਆ ਹੈ। ਵਿਦੇਸ਼ ਵਿਭਾਗ ਨੇ LeT ਦੇ FTO ਅਹੁਦੇ ਦੀ ਵੀ ਸਮੀਖਿਆ ਕੀਤੀ ਹੈ ਅਤੇ ਇਸ ਨੂੰ ਬਰਕਰਾਰ ਰੱਖਿਆ ਹੈ।
ਟੀਆਰਐਫ ਵਿਰੁੱਧ ਇਹ ਕਾਰਵਾਈ ਭਾਰਤ ਵੱਲੋਂ ਲਗਾਤਾਰ ਬਣਾਏ ਦਬਾਅ ਤੋਂ ਬਾਅਦ ਕੀਤੀ ਗਈ ਹੈ। ਮਈ ਦੇ ਅੱਧ ਵਿੱਚ ਆਪ੍ਰੇਸ਼ਨ ਸਿੰਧੂਰ ਤੋਂ ਕੁਝ ਦਿਨ ਬਾਅਦ ਭਾਰਤੀ ਵਫ਼ਦ ਨੇ ਸੰਯੁਕਤ ਰਾਸ਼ਟਰ ਦੇ ਅਤਿਵਾਦ ਵਿਰੋਧੀ ਦਫ਼ਤਰ (ਯੂਐਨਓਸੀਟੀ) ਅਤੇ ਅਤਿਵਾਦ ਵਿਰੋਧੀ ਕਮੇਟੀ ਦੇ ਕਾਰਜਕਾਰੀ ਡਾਇਰੈਕਟੋਰੇਟ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਟੀਆਰਐੱਫ ਬਾਰੇ ਵੇਰਵੇ ਦਿੱਤੇ ਸਨ।
ਇਸ ਦੌਰਾਨ ਰੂਬੀਓ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪਹਿਲਗਾਮ ਅਤਿਵਾਦੀ ਹਮਲਾ 2008 ਵਿੱਚ ਲਸ਼ਕਰ-ਏ-ਤੋਇਬਾ ਵੱਲੋਂ ਕੀਤੇ ਗਏ ਮੁੰਬਈ ਹਮਲਿਆਂ ਤੋਂ ਬਾਅਦ ਭਾਰਤ ਵਿੱਚ ਨਾਗਰਿਕਾਂ ’ਤੇ ਸਭ ਤੋਂ ਘਾਤਕ ਹਮਲਾ ਸੀ। ਟੀਆਰਐਫ ਨੇ ਭਾਰਤੀ ਸੁਰੱਖਿਆ ਬਲਾਂ ਵਿਰੁੱਧ ਕਈ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ, ਜਿਨ੍ਹਾਂ ਵਿੱਚ 2024 ’ਚ ਕੀਤਾ ਇਕ ਹਮਲਾ ਵੀ ਸ਼ਾਮਲ ਹੈ।
ਰੂਬੀਓ ਨੇ ਕਿਹਾ ਕਿ ਵਿਦੇਸ਼ ਵਿਭਾਗ ਦੀ ਇਹ ਕਾਰਵਾਈ ਡੋਨਲਡ ਟਰੰਪ ਪ੍ਰਸ਼ਾਸਨ ਦੀ ਕੌਮੀ ਸੁਰੱਖਿਆ ਹਿੱਤਾਂ ਦੀ ਰੱਖਿਆ, ਅਤਿਵਾਦ ਦਾ ਮੁਕਾਬਲਾ ਕਰਨ ਅਤੇ ਪਹਿਲਗਾਮ ਹਮਲੇ ਲਈ ਨਿਆਂ ਲਈ ਰਾਸ਼ਟਰਪਤੀ ਟਰੰਪ ਦੇ ਸੱਦੇ ਨੂੰ ਲਾਗੂ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਭਾਰਤ ਵੱਲੋਂ ਫੈਸਲੇ ਦਾ ਸਵਾਗਤ
ਭਾਰਤ ਨੇ ਲਸ਼ਕਰ-ਏ-ਤੋਇਬਾ ਦੇ ਹੀ ਇਕ ਹੋਰ ਫਰੰਟ ਟੀਆਰਐੱਫ ਨੂੰ ਆਲਮੀ ਦਹਿਸ਼ਤੀ ਜਥੇਬੰਦੀ ਐਲਾਨੇ ਜਾਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ‘ਦਿ ਰੈਜ਼ਿਸਟੈਂਸ ਫਰੰਟ (ਟੀਆਰਐਫ) ਬਾਰੇ ਵਾਸ਼ਿੰਗਟਨ ਦੇ ਫੈਸਲੇ ਨੂੰ ਭਾਰਤ-ਅਮਰੀਕਾ ਅਤਿਵਾਦ ਵਿਰੋਧੀ ਸਹਿਯੋਗ ਦਾ ‘ਮਜ਼ਬੂਤ ਅਹਿਦ’ ਦੱਸਿਆ। ਜੈਸ਼ੰਕਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਇਸ ਫੈਸਲੇ ਲਈ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ। ਵਿਦੇਸ਼ ਮੰਤਰੀ ਨੇ ਕਿਹਾ, ‘‘ਟੀਆਰਐਫ- ਜੋ ਲਸ਼ਕਰ-ਏ-ਤੋਇਬਾ (ਐਲਈਟੀ) ਦੀ ਪ੍ਰੌਕਸੀ ਹੈ, ਨੂੰ ਵਿਦੇਸ਼ੀ ਅਤਿਵਾਦੀ ਸੰਗਠਨ (ਐਫਟੀਓ) ਅਤੇ ਵਿਸ਼ੇਸ਼ ਤੌਰ ’ਤੇ ਮਨੋਨੀਤ ਗਲੋਬਲ ਅਤਿਵਾਦੀ (ਐਸਡੀਜੀਟੀ) ਵਜੋਂ ਨਾਮਜ਼ਦ ਕਰਨ ਲਈ ਮਾਰਕੋ ਰੂਬੀਓ ਤੇ ਵਿਦੇਸ਼ ਮੰਤਰਾਲੇ ਦੀ ਸ਼ਲਾਘਾ ਕਰਨੀ ਬਣਦੀ ਹੈ। ਟੀਆਰਐੱਫ ਨੇ 22 ਅਪਰੈਲ ਨੂੰ ਹੋਏ ਪਹਿਲਗਾਮ ਹਮਲੇ ਦੀ ਜ਼ਿੰਮੇਵਾਰੀ ਲਈ ਸੀ।’’