ਸੋਰੋਸ ਮੁੱਦੇ ਉੱਤੇ ਦੋਹਾਂ ਸਦਨਾਂ ਵਿੱਚ ਮੁੜ ਹੰਗਾਮਾ
ਨਵੀਂ ਦਿੱਲੀ, 11 ਦਸੰਬਰ
ਉਪ ਰਾਸ਼ਟਰਪਤੀ ਜਗਦੀਪ ਧਨਖੜ ਖਿਲਾਫ਼ ਬੇਭਰੋਸਗੀ ਮਤਾ ਲਿਆਉਣ ਲਈ ਦਿੱਤੇ ਨੋਟਿਸ ਤੇ ਜੌਰਜ ਸੋਰੋਸ ਕਾਂਗਰਸ ਸਬੰਧ ਮੁੱਦਿਆਂ ਨੂੰ ਲੈ ਕੇ ਅੱਜ ਵੀ ਸੰਸਦ ਦੇ ਦੋਵਾਂ ਸਦਨਾਂ ਵਿਚ ਹੰਗਾਮਾ ਜਾਰੀ ਰਿਹਾ। ਸੱਤਾ ਤੇ ਵਿਰੋਧੀ ਧਿਰਾਂ ਨੇ ਇਕ ਦੂਜੇ ਨੂੰ ਨਿਸ਼ਾਨਾ ਬਣਾਇਆ। ਬੇਭਰੋਸਗੀ ਮਤੇ ਲਈ ਦਿੱਤੇ ਨੋਟਿਸ ਦੇ ਬਾਵਜੂਦ ਚੇਅਰਮੈਨ ਜਗਦੀਪ ਧਨਖੜ ਨੇ ਰਾਜ ਸਭਾ ਦੀ ਕਾਰਵਾਈ ਚਲਾਈ। ਰੌਲੇ ਰੱਪੇ ਕਰਕੇ ਕੋਈ ਸੰਸਦੀ ਕੰਮਕਾਜ ਨਹੀਂਂ ਹੋ ਸਕਿਆ ਤੇ ਦੋਵਾਂ ਸਦਨਾਂ ਦੀ ਕਾਰਵਾਈ ਵਿਚ ਕਈ ਵਾਰ ਅੜਿੱਕਾ ਪੈਣ ਮਗਰੋਂ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਰਾਜ ਸਭਾ ਦੀ ਕਾਰਵਾਈ ਵਿਚ ਦੋ ਵਾਰ ਵਿਘਨ ਪਿਆ। ਸਦਨ ਪਹਿਲੀ ਵਾਰ ਮੁਲਵਤੀ ਕੀਤੇ ਜਾਣ ਮਗਰੋਂ ਬਾਅਦ ਦੁਪਹਿਰ 12 ਵਜੇ ਮੁੜ ਜੁੜਿਆ ਤਾਂ ਸਦਨ ਦੇ ਆਗੂ ਜੇਪੀ ਨੱਢਾ ਨੇ ਕਾਂਗਰਸ ’ਤੇ ਅਰਬਪਤੀ ਨਿਵੇਸ਼ਕ ਜੌਰਜ ਸੋਰੋਸ ਨਾਲ ਮਿਲ ਕੇ ਦੇਸ਼ ਨੂੰ ਅਸਥਿਰ ਕਰਨ ਦਾ ਦੋਸ਼ ਲਾਇਆ ਤੇ ਚਰਚਾ ਦੀ ਮੰਗ ਕੀਤੀ। ਉਨ੍ਹਾਂ ਧਨਖੜ ਖਿਲਾਫ਼ ਲਿਆਂਦੇ ਬੇਭਰੋਸਗੀ ਮਤੇ ਲਈ ਵੀ ਕਾਂਗਰਸ ਨੂੰ ਭੰਡਿਆ। ਉਨ੍ਹਾਂ ਕਿਹਾ ਕਿ ਇਹ ਅਸਲ ਵਿਚ ਸੋੋਰੋਸ-ਕਾਂਗਰਸ ਸਬੰਧ ਮਾਮਲੇ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ। ਨੱਢਾ ਨੇ ਕਿਹਾ ਕਿ ਮੁੱਖ ਵਿਰੋਧੀ ਪਾਰਟੀ ਤੇ ਜੌਰਜ ਸੋਰੋੋਸ ਵਿਚਾਲੇ ਸਬੰਧਾਂ ਦੀ ਜਾਂਚ ਹੋਣੀ ਚਾਹੀਦੀ ਹੈ। ਨੱਢਾ ਨੇ ਬੇਭਰੋਸਗੀ ਮਤੇ ਦੇ ਹਵਾਲੇ ਨਾਲ ਕਿਹਾ ਕਿ ਕਾਂਗਰਸ ਨੇ ਕਦੇ ਵੀ ਚੇਅਰ ਦਾ ਸਦਨ ਦੇ ਅੰਦਰ ਜਾਂ ਬਾਹਰ ਸਤਿਕਾਰ ਨਹੀਂ ਕੀਤਾ। ਵਿਰੋਧੀ ਧਿਰਾਂ ਵੱਲੋਂ ਪਾਏ ਰੌਲੇ ਰੱਪੇ ਦਰਮਿਆਨ ਹੀ ਨੱਢਾ ਨੇ ਕਿਹਾ ਕਿ ਪੂਰਾ ਦੇਸ਼ ਉਨ੍ਹਾਂ ਨੂੰ ਮੁਆਫ਼ ਨਹੀਂ ਕਰੇਗਾ। ਰੌਲਾ ਰੱਪਾ ਪੈਂਦਾ ਰਿਹਾ ਤਾਂ ਚੇਅਰ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ। ਉਧਰ ਲੋਕ ਸਭਾ ਵਿਚ ਟੀਐੱਮਸੀ ਮੈਂਬਰ ਕਲਿਆਣ ਬੈਨਰਜੀ ਵੱਲੋਂ ਕੇਂਦਰੀ ਮੰਤਰੀ ਜਿਓਤਿਰਾਦਿੱਤਿਆ ਸਿੰਧੀਆ ਖਿਲਾਫ਼ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਰੌਲਾ-ਰੱਪਾ ਪਿਆ। ਇਸ ਦੌਰਾਨ ਸਦਨ ਦੀ ਕਾਰਵਾਈ ਕਈ ਵਾਰ ਮੁਲਤਵੀ ਕਰਨੀ ਪਈ। ਟੀਐੱਮਸੀ ਮੈਂਬਰ ਵੱਲੋਂ ਮੁਆਫ਼ੀ ਮੰਗਣ ਦੇ ਬਾਵਜੂਦ ਸੱਤਾ ਧਿਰ ਦੇ ਮੈਂਬਰ ਸ਼ਾਂਤ ਨਹੀਂ ਹੋਏ। ਅਖੀਰ ਨੂੰ ਚੇਅਰ ਨੇ ਸਦਨ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ। ਸਦਨ ਵਿਚ ਪਏ ਰੌਲੇ ਰੱਪੇ ਦਰਮਿਆਨ ਹੀ ਸਦਨ ਨੇ ਰੇਲਵੇ (ਸੋਧ) ਬਿੱਲ ਪਾਸ ਕਰ ਦਿੱਤਾ। -ਪੀਟੀਆਈ
ਧਨਖੜ ਖਿਲਾਫ਼ ਮਤਾ ਜਾਟ ਭਾਈਚਾਰੇ ਦਾ ਨਿਰਾਦਰ: ਭਾਜਪਾ
ਨਵੀਂ ਦਿੱਲੀ:
ਭਾਜਪਾ ਨੇ ਕਿਹਾ ਕਿ ਕਾਂਗਰਸ ਉਪ ਰਾਸ਼ਟਰਪਤੀ ਜਗਦੀਪ ਧਨਖੜ ਖਿਲਾਫ਼ ਬੇਭਰੋਸਗੀ ਮਤਾ ਲਿਆ ਕੇ ਨਾ ਸਿਰਫ਼ ਉਨ੍ਹਾਂ ਨੂੰ ‘ਬਦਨਾਮ’ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਬਲਕਿ ਇਹ ਜਾਟ ਭਾਈਚਾਰੇ ਦਾ ਵੀ ‘ਨਿਰਾਦਰ’ ਹੈ। ਭਾਜਪਾ ਨੇ ਕਿਹਾ ਕਿ ਅਮਰੀਕਾ ਅਧਾਰਿਤ ਅਰਬਪਤੀ ਸੋਰੋਸ ਤੇ ਨਹਿਰੂ ਗਾਂਧੀ ਪਰਿਵਾਰ ਵਿਚਾਲੇ ਸਬੰਧ ਬਹੁਤ ਡੂੰਘਾ ਹੈ ਅਤੇ ਇਹ ਸੋਨੀਆ ਗਾਂਧੀ ਦੀ ਫੋਰਮ ਆਫ਼ ਡੈਮੋਕਰੈਟਿਕ ਲੀਡਰਜ਼-ਏਸ਼ੀਆ ਪੈਸੇਫਿਕ ਦੇ ਸਹਿ ਪ੍ਰਧਾਨ ਵਜੋਂ ‘ਭੂਮਿਕਾ’ ਤੋਂ ਵੀ ਪਰੇ ਹੈ। -ਪੀਟੀਆਈ