ਯੂਪੀ: ਬੁਲੰਦਸ਼ਹਿਰ ਵਿਚ ਸ਼ਰਧਾਲੂਆਂ ਨੂੰ ਲਿਜਾ ਰਹੀ ਟਰੈਕਟਰ-ਟਰਾਲੀ ਨੂੰ ਟਰੱਕ ਨੇ ਪਿੱਛੋਂ ਟੱਕਰ ਮਾਰੀ; 9 ਮੌਤਾਂ, 43 ਜ਼ਖ਼ਮੀ
ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿਚ ਸੋਮਵਾਰ ਵੱਡੇ ਤੜਕੇ ਸ਼ਰਧਾਲੂਆਂ ਨੂੰ ਲਿਜਾ ਰਹੀ ਟਰੈਕਟਰ ਟਰਾਲੀ ਦੀ ਟਰੱਕ ਨਾਲ ਹੋਈ ਟੱਕਰ ਵਿਚ ਨੌਂ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 43 ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਮ੍ਰਿਤਕਾਂ ਵਿਚ ਦੋ ਬੱਚੇ ਵੀ ਸ਼ਾਮਲ ਹਨ ਤੇ ਜ਼ਖ਼ਮੀਆਂ ਵਿਚ 12 ਜਣੇ ਅਜਿਹੇ ਹਨ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸ਼ਰਧਾਲੂਆਂ ਦੀ ਮੌਤ 'ਤੇ ਸੋਗ ਜਤਾਇਆ ਹੈ। ਉਨ੍ਹਾਂ ਅਧਿਕਾਰੀਆਂ ਨੂੰ ਜ਼ਖਮੀਆਂ ਦਾ ਵਧੀਆ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਐੱਸਐੱਸਪੀ (ਰੂਰਲ) ਦਿਨੇਸ਼ ਕੁਮਾਰ ਸਿੰਘ ਨੇ ਕਿਹਾ ਕਿ ਹਾਦਸਾ ਤੜਕੇ 2:10 ਵਜੇ ਦੇ ਕਰੀਬ ਅਰਨੀਆ ਬਾਈਪਾਸ ਨੇੇੜੇ ਬੁਲੰਦਸ਼ਹਿਰ-ਅਲੀਗੜ੍ਹ ਸਰਹੱਦ ’ਤੇ ਹੋਇਆ ਜਦੋਂ ਕੈਂਟਰ ਟਰੱਕ ਨੇ ਇਕ ਟਰੈਕਟਰ ਟਰਾਲੀ ਨੂੰ ਪਿੱਛੋਂ ਟੱਕਰ ਮਾਰੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਸ਼ਰਧਾਲੂਆਂ ਨੂੰ ਲਿਜਾ ਰਹੀ ਟਰੈਕਟਰ ਟਰਾਲੀ ਪਲਟ ਗਈ।
ਸਿੰਘ ਨੇ ਕਿਹਾ, ‘‘ਟਰੈਕਟਰ ਟਰਾਲੀ ਵਿਚ 61 ਵਿਅਕਤੀ ਸਵਾਰ ਸਨ, ਜੋ ਕਾਸਗੰਜ ਜ਼ਿਲ੍ਹੇ ਦੇ ਰਾਫ਼ਤਪੁਰ ਪਿੰਡ ਤੋਂ ਰਾਜਸਥਾਨ ਵਿਚ ਜਾਹਰਪੀਰ ਦੇ ਦਰਸ਼ਨਾਂ ਲਈ ਜਾ ਰਹੇ ਸਨ।’’ ਪੁਲੀਸ ਅਧਿਕਾਰੀ ਨੇ ਕਿਹਾ ਕਿ ਹਾਦਸੇ ਦੇ ਪੀੜਤਾਂ ਨੂੰ ਨਿੱਜੀ ਹਸਪਤਾਲ ਸਣੇ ਨੇੜਲੇ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ। ਸਿੰਘ ਨੇ ਕਿਹਾ, ‘‘ਨੌਂ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 43 ਜ਼ੇਰੇ ਇਲਾਜ ਹਨ। ਜ਼ਖ਼ਮੀਆਂ ’ਚੋਂ ਤਿੰਨ ਜਣੇ ਵੈਂਟੀਲੇਟਰ ’ਤੇ ਹਨ।’’
ਪੁਲੀਸ ਨੇ ਕਿਹਾ ਕਿ 10 ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜ਼ਖ਼ਮੀਆਂ ਵਿਚੋਂ 10 ਨੂੰ ਅਲੀਗੜ੍ਹ ਮੈਡੀਕਲ ਕਾਲਜ, 10 ਨੂੰ ਬੁਲੰਦਸ਼ਹਿਰ ਜ਼ਿਲ੍ਹਾ ਹਸਪਤਾਲ ਤੇ 23 ਨੂੰ ਖੁਰਜਾ ਦੇ ਕੈਲਾਸ਼ ਹਸਪਤਾਲ ਭਰਤੀ ਕੀਤਾ ਗਿਆ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਇਨ੍ਹਾਂ ਦੀ ਪਛਾਣ ਟਰੈਕਟਰ ਡਰਾਈਵਰ ਈਯੂ ਬਾਬੂ (40), ਰਾਮਬੇਟੀ (65), ਚਾਂਦਨੀ (12), ਘਾਨੀਰਾਮ(40), ਮੋਕਸ਼ੀ(40), ਸ਼ਿਵਾਂਸ਼ (6), ਯੋਗੇਸ਼ (50) ਤੇ ਵਿਨੋਦ (45) ਸਾਰੇ ਵਾਸੀ ਕਾਸਗੰਜ ਜ਼ਿਲ੍ਹਾ ਹਨ। ਜ਼ਖ਼ਮੀਆਂ ਵਿਚ 12 ਬੱਚੇ ਵੀ ਸ਼ਾਮਲ ਹਨ।
ਜ਼ਿਲ੍ਹਾ ਮੈਜਿਸਟਰੇਟ ਸ਼ਰੂਤੀ ਨੇ ਐਸਐਸਪੀ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਬੂੰਦਾਬਾਂਦੀ ਦੌਰਾਨ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਬਾਅਦ ਵਿੱਚ ਇੱਕ ਹਸਪਤਾਲ ਵਿੱਚ ਜ਼ਖਮੀ ਮਰੀਜ਼ਾਂ ਨਾਲ ਗੱਲਬਾਤ ਕੀਤੀ। ਪੁਲੀਸ ਨੇ ਕਿਹਾ ਕਿ ਗਲਤੀ ਟਰੱਕ ਡਰਾਈਵਰ ਦੀ ਸੀ ਤੇ ਟਰੱਕ ’ਤੇ ਹਰਿਆਣਾ ਦਾ ਨੰਬਰ ਸੀ। ਟਰੱਕ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।