ਯੂਪੀ: ਵਿਰੋਧ ਮਗਰੋਂ ਸਕੂਲ ਦਾ ਨਾਮ 1965 ਦੀ ਜੰਗ ਦੇ ਨਾਇਕ ਦੇ ਨਾਂ ’ਤੇ ਰੱਖਿਆ
ਗਾਜ਼ੀਪੁਰ (ਉੱਤਰ ਪ੍ਰਦੇਸ਼), 18 ਫਰਵਰੀਇੱਥੇ 1965 ਦੀ ਜੰਗ ਦੇ ਨਾਇਕ ਅਬਦੁਲ ਹਮੀਦ ਦੇ ਪਰਿਵਾਰ ਅਤੇ ਹੋਰਾਂ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਗਾਜ਼ੀਪੁਰ ਦੇ ਸਿੱਖਿਆ ਅਧਿਕਾਰੀਆਂ ਨੇ ਉਨ੍ਹਾਂ ਦੇ ਜੱਦੀ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਦਾਖਲਾ ਗੇਟ ’ਤੇ ਅਬਦੁਲ ਹਮੀਦ ਦਾ ਨਾਮ ਮੁੜ ਲਿਖ ਦਿੱਤਾ ਹੈ। ਬੀਤੇ ਦਿਨੀਂ ਰੰਗ ਕਰਨ ਦੌਰਾਨ ਉਨ੍ਹਾਂ ਦਾ ਨਾਮ ਹਟਾ ਦਿੱਤਾ ਗਿਆ ਸੀ। ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਪਗ 35 ਕਿਲੋਮੀਟਰ ਦੂਰ ਜਖਾਨੀਆਂ ਤਹਿਸੀਲ ਦੇ ਧਾਮੂਪੁਰ ਪਿੰਡ ਵਿੱਚ ਸਥਿਤ ਇਸ ਸਕੂਲ ਦਾ ਨਾਮ ਅਸਲ ਵਿੱਚ ਪਰਮ ਵੀਰ ਚੱਕਰ ਐਵਾਰਡੀ ਅਬਦੁਲ ਹਮੀਦ ਦੇ ਨਾਮ ’ਤੇ ਰੱਖਿਆ ਗਿਆ ਸੀ, ਜਿਨ੍ਹਾਂ ਬਚਪਨ ਵਿੱਚ ਇੱਥੇ ਪੜ੍ਹਾਈ ਕੀਤੀ ਸੀ। ਹਾਲਾਂਕਿ ਪੰਜ ਦਿਨ ਪਹਿਲਾਂ ਸਕੂਲ ਦੀ ਇਮਾਰਤ ਨੂੰ ਪੇਂਟ ਕਰਨ ਦੌਰਾਨ ਮੁੱਢਲੀ ਸਿੱਖਿਆ ਵਿਭਾਗ ਨੇ ਮੁੱਖ ਗੇਟ ’ਤੇ ਇਸ ਦਾ ਨਾਮ ਬਦਲ ਕੇ ‘ਪੀਐੱਮ ਸ੍ਰੀ ਕੰਪੋਜ਼ਿਟ ਸਕੂਲ’ ਲਿਖ ਦਿੱਤਾ, ਜਿਸ ਮਗਰੋਂ ਲੋਕਾਂ ਵਿੱਚ ਰੋਸ ਫੈਲ ਗਿਆ। ਹਮੀਦ ਦੇ ਪੋਤੇ ਜਮੀਲ ਅਹਿਮਦ ਨੇ ਇਹ ਮਾਮਲਾ ਉੱਚ ਅਧਿਕਾਰੀਆਂ ਕੋਲ ਉਠਾਇਆ। ਅੱਜ ਜਮੀਲ ਅਹਿਮਦ ਨੇ ਪੁਸ਼ਟੀ ਕੀਤੀ, ‘ਹੁਣ ਮੁੱਖ ਗੇਟ ’ਤੇ ਸਕੂਲ ਦਾ ਨਾਮ ‘ਸ਼ਹੀਦ ਵੀਰ ਅਬਦੁਲ ਹਮੀਦ ਪੀਐੱਮ ਸ੍ਰੀ ਕੰਪੋਜ਼ਿਟ ਸਕੂਲ, ਧਾਮੂਪੁਰ, ਜਖਾਨੀਆਂ, ਗਾਜ਼ੀਪੁਰ ਜ਼ਿਲ੍ਹਾ’ ਲਿਖ ਦਿੱਤਾ ਗਿਆ ਹੈ।’ -ਪੀਟੀਆਈ
ਹੁਣ ‘ਭਾਰਤ’ ਦਾ ਨਾਂ ‘ਭਾਜਪਾ’ ਰੱਖਣਾ ਰਹਿ ਗਿਆ: ਅਖਿਲੇਸ਼
