ਬੁੱਢੇ ਦਰਿਆ ’ਚ ਅਣਸੋਧਿਆ ਪਾਣੀ ਡਿੱਗਣ ਤੋਂ ਰੋਕਿਆ
ਬੁੱਢੇ ਦਰਿਆ ਨੂੰ ਸਾਫ ਕਰਨ ਦੇ ਪ੍ਰਾਜੈਕਟ ਤਹਿਤ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਦਿੱਤੇ ਅਲਟੀਮੇਟਮ ਮਗਰੋਂ ਲੁਧਿਆਣਾ ਨਗਰ ਨਿਗਮ ਨੇ ਸਖ਼ਤੀ ਦਿਖਾਈ। ਇਸ ਦੇ ਨਤੀਜੇ ਵਜੋਂ ਬੁੱਢੇ ਦਰਿਆ ਵਿੱਚ ਡੇਗੇ ਜਾ ਰਹੇ ਅਣਸੋਧੇ ਪਾਣੀ ਨੂੰ ਰੋਕ ਦਿੱਤਾ ਗਿਆ ਹੈ। ਨਗਰ ਨਿਗਮ ਨੇ ਡੇਅਰੀ ਵਾਲਿਆਂ ’ਤੇ ਵੀ ਸਖਤੀ ਕਰਦਿਆਂ ਉਨ੍ਹਾਂ ਦਾ ਗੋਹਾ-ਪਾਣੀ ਬਿਲਕੁਲ ਬੰਦ ਕਰ ਦਿੱਤਾ ਹੈ। ਤਾਜਪੁਰ ਰੋਡ ’ਤੇ ਡੇਅਰੀ ਵਾਲਿਆਂ ਦੇ ਇਲਾਕੇ ਵਿੱਚ ਪਾਣੀ ਖੜ੍ਹਾ ਹੋ ਗਿਆ ਹੈ ਜਿਸ ਕਾਰਨ ਆਮ ਲੋਕ ਅਤੇ ਪਸ਼ੂ ਦੋਵੇਂ ਹੀ ਪਰੇਸ਼ਾਨ ਹੋ ਰਹੇ ਹਨ। ਸੰਤ ਸੀਚੇਵਾਲ ਨੇ ਨਗਰ ਨਿਗਮ ਦੇ ਅਫ਼ਸਰਾਂ ਨੂੰ ਸਾਫ਼ ਕਹਿ ਦਿੱਤਾ ਹੈ ਕਿ ਕਿਸੇ ਵੀ ਹਾਲ ਵਿੱਚ ਡੇਅਰੀ ਵਾਲਿਆਂ ਦਾ ਗੋਹਾ ਬੁੱਢੇ ਦਰਿਆ ਵਿੱਚ ਨਹੀਂ ਪੈਣਾ ਚਾਹੀਦਾ ਹੈ।
ਨਗਰ ਨਿਗਮ ਦੇ ਅਫਸਰਾਂ ਨੇ ਵੱਖ-ਵੱਖ ਇਲਾਕਿਆਂ ਵਿੱਚ ਗੰਦੇ ਪਾਣੀ ਦੇ ਪੁਆਇੰਟ ਬੰਦ ਕਰ ਦਿੱਤੇ ਹਨ। ਬੁੱਢੇ ਦਰਿਆ ਦਾ ਦੌਰਾ ਕਰਨ ਮਗਰੋਂ ਸੰਤ ਸੀਚੇਵਾਲ ਨੇ ਅਧਿਕਾਰੀਆਂ ਨੂੰ ਇਹ ਸਾਰੇ ਪੁਆਇੰਟ ਦਿਖਾਏ ਸਨ। ਉਨ੍ਹਾਂ ਅਧਿਕਾਰੀਆਂ ਨੂੰ ਇਹ ਪੁਆਇੰਟ 10 ਦਸੰਬਰ ਤੱਕ ਬੰਦ ਕਰਨ ਦਾ ਅਲਟੀਮੇਟਮ ਦਿੱਤਾ ਸੀ।
ਡੇਅਰੀ ਐਸੋਸੀਏਸ਼ਨ ਦੇ ਪ੍ਰਧਾਨ ਸਤਿੰਦਰ ਪਾਲ ਲਵਲੀ ਨੇ ਕਿਹਾ ਕਿ ਸੀ ਈ ਟੀ ਪੀ ਪਲਾਂਟ ਆਪਣੀ ਸਮਰੱਥਾ ਤੋਂ ਕਾਫੀ ਵੱਧ ਚੱਲ ਰਿਹਾ ਹੈ ਜਿਸ ਕਾਰਨ ਉਹ ਬੰਦ ਹੋ ਜਾਂਦਾ ਹੈ। ਨਗਰ ਨਿਗਮ ਨੇ ਗੋਹਾ ਚੁੱਕਣ ਦਾ ਟੈਂਡਰ ਤਾਂ ਦੇ ਦਿੱਤਾ ਹੈ, ਪਰ ਹਾਲੇ ਤੱਕ ਗੋਹਾ ਚੁੱਕਣ ਲਈ ਕੋਈ ਨਹੀਂ ਆਇਆ, ਇਸ ਕਰਕੇ ਉਹ ਸਭ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਬੁੱਢੇ ਦਰਿਆ ਨੂੰ ਗੰਦਾ ਕਰਨ ਲਈ ਸਿਰਫ਼ ਡੇਅਰੀ ਵਾਲਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਜਦਕਿ ਸਚਾਈ ਹੋਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਡਾਇੰਗ ਇੰਡਸਟਰੀ ਦਾ ਪਾਣੀ ਵੀ ਬੁੱਢੇ ਦਰਿਆ ਵਿੱਚ ਜਾ ਰਿਹਾ ਹੈ ਪਰ ਸਨਅਤਕਾਰਾਂ ਨੂੰ ਕੋਈ ਕੁੱਝ ਨਹੀਂ ਆਖ ਰਿਹਾ।
