Union minister's nephew killed: ਪਾਣੀ ਲੈਣ ਸਬੰਧੀ ਭਰਾ ਨਾਲ ਝਗੜੇ ’ਚ ਹੋਈ ਗੋਲੀਬਾਰੀ ਕਾਰਨ ਕੇਂਦਰੀ ਮੰਤਰੀ ਦਾ ਭਾਣਜਾ ਹਲਾਕ
ਭਾਗਲਪੁਰ (ਬਿਹਾਰ), 20 ਮਾਰਚ
Union minister's nephew killed: ਬਿਹਾਰ ਦੇ ਇੱਕ ਪਿੰਡ ਵਿੱਚ ਵੀਰਵਾਰ ਨੂੰ ਟੂਟੀ ਦਾ ਪਾਣੀ ਲੈਣ ਦੇ ਮਾਮਲੇ ’ਤੇ ਹੋਇਆ ਝਗੜਾ ਭਿਆਨਕ ਲੜਾਈ ਤੇ ਗੋਲੀਬਾਰੀ ਵਿਚ ਬਦਲ ਗਿਆ, ਜਿਸ ਕਾਰਨ ਕੇਂਦਰੀ ਮੰਤਰੀ ਨਿਤਿਆਨੰਦ ਰਾਏ (Union minister Nityananda Rai) ਦੇ ਭਾਣਜੇ ਦੀ ਮੌਤ ਹੋ ਗਈ। ਪੁਲੀਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਘਟਨਾ ਵਿਚ ਗੋਲੀਬਾਰੀ ਵਿਚ ਮ੍ਰਿਤਕ ਦੀ ਮਾਂ ਅਤੇ ਭਰਾ ਗੰਭੀਰ ਜ਼ਖਮੀ ਹੋ ਗਏ।
ਨੌਗਾਚੀਆ ਪੁਲੀਸ ਸੁਪਰਡੈਂਟ ਪ੍ਰੇਰਨਾ ਕੁਮਾਰ ਨੇ ਕਿਹਾ ਕਿ ਇਹ ਘਟਨਾ ਭਾਗਲਪੁਰ ਦੇ ਨਾਲ ਲੱਗਦੇ ਨੌਗਾਚੀਆ ਪੁਲੀਸ ਜ਼ਿਲ੍ਹੇ ਦੇ ਜਗਤਪੁਰ ਪਿੰਡ ਵਿੱਚ ਵਾਪਰੀ, ਜਿੱਥੇ ਦੋ ਭਰਾਵਾਂ ਵਿਸ਼ਵਜੀਤ ਅਤੇ ਜੈਜੀਤ ਯਾਦਵ ਦਾ ਇੱਕ ਟੂਟੀ ਤੋਂ ਪਾਣੀ ਲੈਣ ਨੂੰ ਲੈ ਕੇ ਝਗੜਾ ਹੋ ਗਿਆ।
ਜਿਉਂ ਹੀ ਭਰਾਵਾਂ ਵਿੱਚ ਝਗੜਾ ਹੋਇਆ, ਉਨ੍ਹਾਂ ਦੀ ਮਾਂ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਵਿਸ਼ਵਜੀਤ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਉਸ ਦੇ ਭਰਾ ਅਤੇ ਮਾਂ ਨੂੰ ਹਸਪਤਾਲ ਲਿਜਾਇਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਹੋਰ ਜਾਂਚ ਜਾਰੀ ਹੈ।
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਮ੍ਰਿਤਕ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਦਾ 'ਭਾਣਜਾ' (ਭੈਣ ਦਾ ਪੁੱਤਰ) ਸੀ, ਜੋ ਕਿ ਵੈਸ਼ਾਲੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਤਾਂ ਉਨ੍ਹਾਂ ਨੇ ‘ਹਾਂ’ ਵਿੱਚ ਜਵਾਬ ਦਿੱਤਾ। -ਪੀਟੀਆਈ