ਕੇਂਦਰੀ ਗ੍ਰਹਿ ਮੰਤਰੀ ਵੱਲੋਂ ਅੰਮ੍ਰਿਤਸਰ ਸਣੇ ਪੰਜ ਹਵਾਈ ਅੱਡਿਆਂ ’ਤੇ ਤੇਜ਼ ਇਮੀਗ੍ਰੇਸ਼ਨ ਕਲੀਅਰੈਂਸ ਪ੍ਰੋਗਰਾਮ ਦੀ ਸ਼ੁਰੂਆਤ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਦੇਸ਼ ਦੇ ਪੰਜ ਹੋਰ ਹਵਾਈ ਅੱਡਿਆਂ ’ਤੇ ਫਾਸਟ ਟਰੈਕ ਇਮੀਗ੍ਰੇਸ਼ਨ-ਟਰੱਸਟਡ ਟਰੈਵਲਰ ਪ੍ਰੋਗਰਾਮ (ਐਫਟੀਆਈ-ਟੀਟੀਪੀ) Fast Track Immigration-Trusted Traveller Programme (FTI-TTP) ਦੀ ਸ਼ੁਰੂਆਤ ਕੀਤੀ ਹੈ। ਇਹ ਪ੍ਰੋਗਰਾਮ ਪਹਿਲਾਂ ਤੋਂ ਪ੍ਰਮਾਣਿਤ ਭਾਰਤੀ ਨਾਗਰਿਕਾਂ ਅਤੇ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (ਓਸੀਆਈ) ਕਾਰਡਧਾਰਕਾਂ ਦੀ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਤੇਜ਼ ਕਰਦਾ ਹੈ।
ਪੰਜ ਹਵਾਈ ਅੱਡਿਆਂ ਲਖਨਊ, ਤਿਰੂਵਨੰਤਪੁਰਮ, ਤਿਰੂਚਿਰਾਪੱਲੀ, ਕੋਝੀਕੋੜ ਅਤੇ ਅੰਮ੍ਰਿਤਸਰ ਵਿੱਚ FTI-TTP ਲਾਂਚ ਕਰਨ ਤੋਂ ਬਾਅਦ ਸ਼ਾਹ ਨੇ ਕਿਹਾ ਕਿ ਯਾਤਰੀਆਂ ਨੂੰ ਹੁਣ ਲੰਬੀਆਂ ਕਤਾਰਾਂ ਜਾਂ ਮੈਨੂਅਲ ਜਾਂਚ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਬਿਨਾਂ ਕਿਸੇ ਦੇਰੀ ਦੇ ਸਿਰਫ਼ 30 ਸਕਿੰਟਾਂ ਵਿੱਚ ਇਮੀਗ੍ਰੇਸ਼ਨ ਕਲੀਅਰੈਂਸ ਪ੍ਰਾਪਤ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ ਪਹਿਲੀ ਵਾਰ ਜੁਲਾਈ 2024 ਵਿੱਚ ਇੱਥੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸ਼ੁਰੂ ਕੀਤੀ ਗਈ ਸੀ ਅਤੇ ਦੋ ਮਹੀਨੇ ਬਾਅਦ ਸੱਤ ਹੋਰ ਹਵਾਈ ਅੱਡਿਆਂ ਮੁੰਬਈ, ਚੇਨਈ, ਕੋਲਕਾਤਾ, ਬੰਗਲੌਰ, ਹੈਦਰਾਬਾਦ, ਕੋਚੀਨ ਅਤੇ ਅਹਿਮਦਾਬਾਦ - ਵਿੱਚ ਸ਼ੁਰੂ ਕੀਤੀ ਗਈ ਸੀ। ਸ਼ਾਹ ਨੇ ਕਿਹਾ ਕਿ ਇਹ ਸਹੂਲਤ ਹੁਣ ਦੇਸ਼ ਦੇ ਕੁੱਲ 13 ਹਵਾਈ ਅੱਡਿਆਂ 'ਤੇ ਇੱਕੋ ਸਮੇਂ ਉਪਲਬਧ ਹੈ।
ਉਨ੍ਹਾਂ ਕਿਹਾ ਕਿ ਇਹ ਸਹੂਲਤ ਨਾ ਸਿਰਫ਼ ਯਾਤਰੀਆਂ ਦੀ ਸਹੂਲਤ ਨੂੰ ਵਧਾਏਗੀ ਸਗੋਂ ਉਨ੍ਹਾਂ ਨੂੰ ਦੇਸ਼ ਵਿੱਚ ਹੋ ਰਹੀਆਂ ਤਬਦੀਲੀਆਂ ਨਾਲ ਜਾਣੂ ਕਰਵਾਉਣ ਦਾ ਮੌਕਾ ਵੀ ਪ੍ਰਦਾਨ ਕਰੇਗੀ। ਸ਼ਾਹ ਨੇ ਕਿਹਾ ਕਿ ਇਸ ਪ੍ਰੋਗਰਾਮ ਤੋਂ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਸਾਰੀਆਂ ਤਕਨੀਕੀ ਸੰਭਾਵਨਾਵਾਂ ਦੀ ਪੜਚੋਲ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਪੋਰਟਲ 'ਤੇ ਲਗਪਗ 3 ਲੱਖ ਯਾਤਰੀਆਂ ਨੇ ਰਜਿਸਟਰ ਕੀਤਾ ਹੈ, ਜਿਨ੍ਹਾਂ ਵਿੱਚੋਂ 2.65 ਲੱਖ ਨੇ ਇਸ ਦੀ ਵਰਤੋਂ ਕੀਤੀ ਹੈ ਅਤੇ ਇਸ ਗਿਣਤੀ ਨੂੰ ਲਗਾਤਾਰ ਵਧਾਉਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ।
FTI-TTP ਨੂੰ ਇੱਕ ਆਨਲਾਈਨ ਪੋਰਟਲ, https://ftittp.mha.gov.in ਰਾਹੀਂ ਲਾਗੂ ਕੀਤਾ ਗਿਆ ਹੈ। ਇਸ ਪ੍ਰੋਗਰਾਮ ਵਿੱਚ ਨਾਮ ਦਰਜ ਕਰਵਾਉਣ ਲਈ, ਬਿਨੈਕਾਰਾਂ ਨੂੰ ਆਪਣੇ ਵੇਰਵੇ ਭਰ ਕੇ ਅਤੇ ਲੋੜੀਂਦੇ ਦਸਤਾਵੇਜ਼ ਅਪਲੋਡ ਕਰਕੇ ਪੋਰਟਲ 'ਤੇ ਆਨਲਾਈਨ ਰਜਿਸਟਰ ਕਰਨਾ ਪੈਂਦਾ ਹੈ।
ਰਜਿਸਟਰਡ ਬਿਨੈਕਾਰਾਂ ਦੇ ਬਾਇਓਮੈਟ੍ਰਿਕਸ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫ਼ਤਰ (FRRO) ਵਿੱਚ ਜਾਂ ਹਵਾਈ ਅੱਡੇ ਤੋਂ ਲੰਘਦੇ ਸਮੇਂ ਲਏ ਜਾਂਦੇ ਹਨ।