ਬੇਰੁਜ਼ਗਾਰੀ ਦਰ ਘਟ ਕੇ 5.1 ਫ਼ੀਸਦ ’ਤੇ ਆਈ
ਲਗਾਤਾਰ ਦੂਜੇ ਮਹੀਨੇ ਕਮੀ ਦਰਜ
Advertisement
ਦੇਸ਼ ’ਚ 15 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਬੇਰੁਜ਼ਗਾਰੀ ਦਰ ’ਚ ਲਗਾਤਾਰ ਦੂਜੇ ਮਹੀਨੇ ਕਮੀ ਦਰਜ ਕੀਤੀ ਗਈ ਹੈ। ਅਗਸਤ ’ਚ ਇਹ ਘਟ ਕੇ 5.1 ਫ਼ੀਸਦ ਰਹਿ ਗਈ ਹੈ। ਅੱਜ ਜਾਰੀ ਸਰਕਾਰੀ ਸਰਵੇਖਣ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਅੰਕੜਾ ਤੇ ਪ੍ਰੋਗਰਾਮ ਲਾਗੂ ਕਰਨ ਬਾਰੇ ਮੰਤਰਾਲੇ ਦੇ ਪੀਰੀਓਡਿਕ ਲੇਬਰ ਫੋਰਸ ਸਰਵੇ (ਪੀ ਐੱਲ ਐੱਫ ਐੱਸ) ਅਨੁਸਾਰ ਜੁਲਾਈ ’ਚ ਬੇਰੁਜ਼ਗਾਰੀ ਦਰ 5.2 ਫ਼ੀਸਦ ਸੀ, ਜਦਕਿ ਮਈ ਤੇ ਜੂਨ ਦੋਵਾਂ ਮਹੀਨਿਆਂ ’ਚ ਇਹ 5.6 ਫ਼ੀਸਦ ਸੀ। ਮਈ 2025 ’ਚ ਜਾਰੀ ਪਹਿਲੇ ਪੀ ਐੱਲ ਐੱਫ ਐੱਸ ਬੁਲੇਟਿਨ ਅਨੁਸਾਰ ਅਪਰੈਲ ’ਚ ਬੇਰੁਜ਼ਗਾਰੀ ਦਰਜ 5.1 ਫ਼ੀਸਦ ਸੀ। ਅਧਿਕਾਰਤ ਬਿਆਨ ’ਚ ਕਿਹਾ ਗਿਆ ਹੈ, ‘ਕੁੱਲ ਮਿਲਾ ਕੇ ਬੇਰੁਜ਼ਗਾਰੀ ਦਰ (15 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ) ਲਗਾਤਾਰ ਦੂਜੇ ਮਹੀਨੇ ਘਟ ਕੇ ਅਗਸਤ 2025 ’ਚ 5.1 ਫ਼ੀਸਦ ਰਹੀ।’ ਪੁਰਸ਼ਾਂ ਦੀ ਬੇਰੁਜ਼ਗਾਰੀ ਦਰ ਅਗਸਤ ’ਚ ਪੰਜ ਮਹੀਨੇ ਦੌਰਾਨ ਸਭ ਤੋਂ ਘੱਟ 5 ਫ਼ੀਸਦ ਰਹੀ ਹੈ। ਅਪਰੈਲ ’ਚ ਇਹ 5.2 ਫ਼ੀਸਦ, ਮਈ ਤੇ ਜੂਨ ’ਚ 5.6 ਫ਼ੀਸਦ ਅਤੇ ਜੁਲਾਈ ’ਚ 5.3 ਫ਼ੀਸਦ ਸੀ। ਇਸ ਕਾਰਨ ਸ਼ਹਿਰੀ ਖੇਤਰ ’ਚ ਪੁਰਸ਼ਾਂ ਦੀ ਬੇਰੁਜ਼ਗਾਰੀ ਦਰ ’ਚ ਗਿਰਾਵਟ ਆਈ ਹੈ। ਲੰਘੇ ਮਹੀਨੇ ਘਟ ਕੇ ਇਹ ਦਰ 5.9 ਫ਼ੀਸਦ ਰਹੀ, ਜੋ ਜੁਲਾਈ ’ਚ 6.6 ਫ਼ੀਸਦ ਸੀ। ਦਿਹਾਤੀ ਪੁਰਸ਼ਾਂ ਦੀ ਬੇਰੁਜ਼ਗਾਰੀ ਦਰ ਵੀ ਅਗਸਤ 2025 ’ਚ ਘਟ ਕੇ 4.5 ਫ਼ੀਸਦ ਰਹੀ, ਜੋ ਪਿਛਲੇ ਚਾਰ ਮਹੀਨਿਆਂ ਦੀ ਬੇਰੁਜ਼ਗਾਰੀ ਦਰ ਤੋਂ ਘੱਟ ਹੈ।
Advertisement
Advertisement