UK: ਦੋ ਕਾਰਾਂ ਦੀ ਟੱਕਰ; ਦੋ ਭਾਰਤੀ ਵਿਦਿਆਰਥੀ ਹਲਾਕ, ਪੰਜ ਦੀ ਹਾਲਤ ਗੰਭੀਰ
ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਸਵੇਰੇ ਰੇਲੇ ਸਪੁਰ ਚੌਕ ’ਤੇ ਵਾਪਰੇ ਹਾਦਸੇ ਦੌਰਾਨ Chaitanya Tarre (23 ਸਾਲਾ) ਦੀ ਮੌਕੇ ’ਤੇ ਮੌਤ ਹੋ ਗਈ, ਜਦੋਂ ਕਿ 21 ਸਾਲਾ Rishi Teja Rapolu (21 ਸਾਲਾ) ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ।
Essex ਪੁਲੀਸ ਨੇ ਕਿਹਾ ਕਿ ਹਾਦਸੇ ਸਮੇਂ ਕਾਰਾਂ ਚਲਾ ਰਹੇ ਪੂਰਬੀ ਲੰਡਨ ਦੇ ਦੋ ਹੋਰ ਨੌਜਵਾਨਾਂ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਤੋਂ ਪਹਿਲਾਂ ਖ਼ਤਰਨਾਕ ਡਰਾਈਵਿੰਗ ਦੇ ਸ਼ੱਕ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।
Essex ਪੁਲੀਸ ਨੇ ਇੱਕ ਬਿਆਨ ਵਿੱਚ ਕਿਹਾ, ‘‘ਦੁੱਖ ਦੀ ਗੱਲ ਹੈ ਕਿ ਇੱਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਦੂਜੇ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਮਾਹਿਰ ਅਧਿਕਾਰੀ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਕਰ ਰਹੇ ਹਨ। ਪੰਜ ਹੋਰ ਜਣਿਆਂ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਹਸਪਤਾਲ ਲਿਜਾਇਆ ਗਿਆ।’’
ਉਨ੍ਹਾਂ ਦੱਸਿਆ, ‘‘ਦੋਵਾਂ ਕਾਰਾਂ ਦੇ ਡਰਾਈਵਰ 23 ਅਤੇ 24 ਸਾਲ ਦੇ ਦੋ ਨੌਜਵਾਨਾਂ ਨੂੰ ਖਤਰਨਾਕ ਡਰਾਈਵਿੰਗ ਕਰਕੇ ਵਿਦਿਆਰਥੀਆਂ ਦਾ ਮੌਤ ਦਾ ਕਾਰਨ ਬਣਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ 20 ਨਵੰਬਰ ਤੱਕ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ। ਹਾਦਸੇ ਸਬੰਧੀ ਜਾਂਚ ਜਾਰੀ ਹੈ।’’
ਫੋਰਸ ਨੇ A130-ਇੱਕ ਪ੍ਰਮੁੱਖ ਦੋਹਰੀ ਕੈਰੇਜਵੇਅ ਸੜਕ ’ਤੇ ਹੋਏ ਹਾਦਸੇ ਸਬੰਧੀ ਕਿਸੇ ਵੀ ਸੀਸੀਟੀਵੀ, ਡੈਸ਼ ਕੈਮ ਜਾਂ ਹੋਰ ਫੁਟੇਜ ਸਣੇ ਜਾਣਕਾਰੀ ਦੇਣ ਲਈ ਇੱਕ ਜਨਤਕ ਅਪੀਲ ਜਾਰੀ ਕੀਤੀ ਹੈ।
ਨੈਸ਼ਨਲ ਇੰਡੀਅਨ ਸਟੂਡੈਂਟਸ ਐਂਡ ਐਲੂਮਨੀ ਯੂਨੀਅਨ (NISAU) ਯੂਕੇ ਨੇ ਵਿਦਿਆਰਥੀਆਂ ਦੀ ਮੌਤ ’ਤੇ ਅਫਸੋਸ ਜ਼ਾਹਿਰ ਕਰਦਿਆਂ ਇੱਕ ਬਿਆਨ ਕੀਤਾ। ਮੰਨਿਆ ਜਾ ਰਿਹਾ ਹੈ ਕਿ ਪੀੜਤ ਵਿਦਿਆਰਥੀ ਆਪਣੇ ਸਾਥੀਆਂ ਨਾਲ ਗਣੇਸ਼ ਵਿਸਰਜਨ ਸਮਾਰੋਹ ਤੋਂ ਪਰਤ ਰਹੇ ਸਨ।
NISAU ਯੂਕੇ ਨੇ ਇੱਕ ਬਿਆਨ ਵਿੱਚ ਕਿਹਾ, ‘‘ਅਸੀਂ ਯੂਕੇ ਦੇ Essex ਵਿੱਚ ਹੋਏ ਦੁਖਦਾਈ ਸੜਕ ਹਾਦਸੇ ਤੋਂ ਬਹੁਤ ਦੁਖੀ ਹਾਂ, ਜਿਸ ਵਿੱਚ ਤੇਲਗੂ ਭਾਈਚਾਰੇ ਦੇ ਨੌਂ ਵਿਦਿਆਰਥੀ ਸ਼ਾਮਲ ਸਨ। ਇਸ ਹਾਦਸੇ ਨੇ ਦੋ ਨੌਜਵਾਨ ਵਿਦਿਆਰਥੀਆਂ ਚੈਤਨਿਆ ਤਾਰੇ ਅਤੇ ਰਿਸ਼ੀ ਤੇਜਾ ਰਾਪੋਲੂ ਦੀਆਂ ਕੀਮਤੀ ਜਾਨਾਂ ਲੈ ਲਈਆਂ ਹਨ। ਇਸ ਬਹੁਤ ਹੀ ਮੁਸ਼ਕਲ ਸਮੇਂ ਦੌਰਾਨ ਸਾਡੀਆਂ ਦਿਲੀ ਸੰਵੇਦਨਾ ਉਨ੍ਹਾਂ ਦੇ ਪਰਿਵਾਰਾਂ ਅਤੇ ਅਜ਼ੀਜ਼ਾਂ ਨਾਲ ਹਨ।’’
ਬਿਆਨ ਵਿੱਚ ਕਿਹਾ ਗਿਆ ਕਿ ਕਈ ਹੋਰ ਵਿਦਿਆਰਥੀ ਹਸਪਤਾਲ ਵਿੱਚ ਹਨ ਅਤੇ ਤੁਰੰਤ ਡਾਕਟਰੀ ਦੇਖਭਾਲ ਅਧੀਨ ਹਨ, ‘ਅਸੀਂ ਉਨ੍ਹਾਂ ਦੇ ਜਲਦੀ ਸਿਹਤਯਾਬ ਹੋਣ ਦੀ ਉਮੀਦ ਕਰਦੇ ਹਾਂ।’
ਯੂਕੇ ਦੀਆਂ ਯੂਨੀਵਰਸਿਟੀਆਂ ਵਿੱਚ ਦਾਖ਼ਲ ਹੋਏ ਭਾਰਤੀ ਵਿਦਿਆਰਥੀਆਂ ਦਾ ਸਮਰਥਨ ਕਰਨ ਵਾਲੇ ਸਮੂਹ ਨੇ ਕਿਹਾ ਕਿ ਉਹ ਦੁਖਦਾਈ ਹਾਦਸੇ ਤੋਂ ਬਾਅਦ ਸਹਾਇਤਾ ਪ੍ਰਦਾਨ ਕਰਨ ਲਈ ਤਿਲੰਗਾਨਾ ਭਾਈਚਾਰੇ ਦੇ ਮੈਂਬਰਾਂ ਅਤੇ ਕੌਂਸਲਰ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ।