ਊਧਮਪੁਰ: ਅਤਿਵਾਦੀਆਂ ਨਾਲ ਮੁਕਾਬਲੇ ’ਚ ਜਵਾਨ ਸ਼ਹੀਦ
ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਸ਼ਾਮ ਅਤਿਵਾਦੀਆਂ ਨੇ ਊਧਮਪੁਰ ਦੇ ਡੂਡੂ-ਬਸੰਤਗੜ੍ਹ ਖੇਤਰ ਅਤੇ ਡੋਡਾ ਦੇ ਭਦਰਵਾਹ ਵਿੱਚ ਸਿਓਜ ਧਾਰ ਜੰਗਲ ਸਰਹੱਦ ’ਤੇ ਫੌਜ ਅਤੇ ਜੰਮੂ-ਕਸ਼ਮੀਰ ਪੁਲੀਸ ਦੇ ਸਪੈਸ਼ਲ ਅਪਰੇਸ਼ਨ ਗਰੁੱਪ (ਐੱਸਓਜੀ) ਦੀ ਸਾਂਝੀ ਸਰਚ ਪਾਰਟੀ ’ਤੇ ਗੋਲੀਬਾਰੀ ਕੀਤੀ, ਜਿਸ ਕਾਰਨ ਸਿਪਾਹੀ ਜ਼ਖ਼ਮੀ ਹੋ ਗਿਆ।
ਉਨ੍ਹਾਂ ਕਿਹਾ ਕਿ ਸਿਪਾਹੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ।
ਅਧਿਕਾਰੀਆਂ ਨੇ ਕਿਹਾ ਕਿ ਮੁਕਾਬਲੇ ਵਾਲੀ ਥਾਂ ਦੇ ਆਲੇ-ਦੁਆਲੇ ਦੇ ਖੇਤਰ ਨੂੰ ਰਾਤ ਭਰ ਸਖ਼ਤ ਘੇਰਾਬੰਦੀ ਹੇਠ ਰੱਖਿਆ ਗਿਆ ਸੀ ਅਤੇ ਅੱਜ ਸਵੇਰੇ ਸਾਂਝਾ ਸਰਚ ਆਪ੍ਰੇਸ਼ਨ ਮੁੜ ਸ਼ੁਰੂ ਕੀਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਦੋ ਤੋਂ ਤਿੰਨ ਅਤਿਵਾਦੀ ਜੰਗਲੀ ਖੇਤਰ ਵਿੱਚ ਲੁਕੇ ਹੋਏ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਊਧਮਪੁਰ ਅਤੇ ਡੋਡਾ ਦੋਵਾਂ ਪਾਸਿਆਂ ਤੋਂ ਡਰੋਨ ਅਤੇ ਸਨਿਫਰ ਕੁੱਤਿਆਂ ਨਾਲ ਲੈਸ ਫੋਰਸ ਭੇਜੀ ਗਈ ਸੀ ਅਤੇ ਆਖਰੀ ਰਿਪੋਰਟਾਂ ਮਿਲਣ ਤੱਕ ਇੱਕ ਵਿਸ਼ਾਲ ਤਲਾਸ਼ੀ ਮੁਹਿੰਮ ਚੱਲ ਰਹੀ ਸੀ।
ਹਾਲਾਂਕਿ ਹੁਣ ਤੱਕ ਅਤਿਵਾਦੀਆਂ ਨਾਲ ਕੋਈ ਨਵਾਂ ਸੰਪਰਕ ਨਹੀਂ ਹੋਇਆ ਹੈ।