ਦੋ ਦਹਾਕੇ ਬਾਅਦ ਇੱਕ ਮੰਚ ’ਤੇ ਆਏ ਊਧਵ ਤੇ ਰਾਜ ਠਾਕਰੇ
ਮੁੰਬਈ, 5 ਜੁਲਾਈ
ਸ਼ਿਵ ਸੈਨਾ (ਯੂਬੀਟੀ) ਦੇ ਮੁਖੀ ਊਧਵ ਠਾਕਰੇ ਨੇ ਅੱਜ ਕਿਹਾ ਕਿ ਉਹ ਅਤੇ ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਮੁਖੀ ਰਾਜ ਠਾਕਰੇ ਇਕਜੁੱਟ ਰਹਿਣ ਲਈ ਨਾਲ ਆਏ ਹਨ। ਦੋਵੇਂ ਚਚੇਰੇ ਭਰਾ ਮਰਾਠੀ ਪਛਾਣ ਤੇ ਹਿੰਦੀ ਭਾਸ਼ਾ ਥੋਪਣ ਖ਼ਿਲਾਫ਼ ਦੋ ਦਹਾਕਿਆਂ ਬਾਅਦ ਪਹਿਲੀ ਵਾਰ ਅੱਜ ਸਿਆਸੀ ਮੰਚ ’ਤੇ ਇਕੱਠੇ ਨਜ਼ਰ ਆਏ। ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਹਿੰਦੀ ਭਾਸ਼ਾ ਸਬੰਧੀ ਹੁਕਮ (ਜੀਆਰ) ਵਾਪਸ ਲਏ ਜਾਣ ਦਾ ਜਸ਼ਨ ਮਨਾਉਣ ਲਈ ਵਰਲੀ ’ਚ ‘ਵਿਜੈ ਰੈਲੀ’ ਨੂੰ ਸੰਬੋਧਨ ਕਰਦਿਆਂ ਊਧਵ ਨੇ ਅਗਾਮੀ ਸਥਾਨਕ ਸਰਕਾਰਾਂ ਚੋਣਾਂ ਮਿਲ ਕੇ ਲੜਨ ਦਾ ਸੰਕੇਤ ਦਿੱਤਾ ਹੈ।
ਇੱਥੋਂ ਦੇ ਐੱਨਐੱਸਸੀਆਈ ਡੋਮ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘ਅਸੀਂ ਇਕਜੁੱਟ ਰਹਿਣ ਲਈ ਨਾਲ ਆਏ ਹਾਂ। ਅਸੀਂ ਮਿਲ ਕੇ ਬ੍ਰਿਹਨਮੁੰਬਈ ਮਹਾਨਗਰਪਾਲਿਕਾ (ਬੀਐੱਮਸੀ) ਤੇ ਮਹਾਰਾਸ਼ਟਰ ’ਚ ਸੱਤਾ ਹਾਸਲ ਕਰਾਂਗੇ।’ ਊਧਵ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਰਾਜ ਠਾਕਰੇ ਨੇ ਤਨਜ਼ ਕਸਦਿਆਂ ਕਿਹਾ ਕਿ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਦੋਵਾਂ ਚਚੇਰੇ ਭਰਾਵਾਂ ਨੂੰ ਇਕੱਠਿਆਂ ਕਰਨ ਦਾ ਉਹ ਕੰਮ ਕਰ ਦਿੱਤਾ ਹੈ, ਜੋ ਸ਼ਿਵ ਸੈਨਾ ਦੇ ਬਾਨੀ ਬਾਲਾਸਾਹਿਬ ਠਾਕਰੇ ਤੇ ਹੋਰ ਲੋਕ ਨਹੀਂ ਕਰ ਸਕੇ। ਜ਼ਿਕਰਯੋਗ ਹੈ ਕਿ ਚਚੇਰੇ ਭਰਾ ਨਾਲ ਮਤਭੇਦਾਂ ਕਾਰਨ ਸ਼ਿਵ ਸੈਨਾ ਛੱਡਣ ਤੋਂ ਬਾਅਦ ਰਾਜ ਠਾਕਰੇ ਨੇ 2005 ’ਚ ਮਨਸੇ ਦਾ ਗਠਨ ਕੀਤਾ ਸੀ। ਪਿਛਲੇ ਚਾਰ ਮਹੀਨਿਆਂ ਤੋਂ ਠਾਕਰੇ ਭਰਾਵਾਂ ਦੇ ਇਕੱਠੇ ਹੋਣ ਦੀ ਮੰਗ ਤੇਜ਼ ਹੋ ਗਈ ਸੀ। ਰਾਜ ਠਾਕਰੇ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਤਿੰਨ ਭਾਸ਼ਾਈ ਫਾਰਮੂਲਾ ਮੁੰਬਈ ਨੂੰ ਮਹਾਰਾਸ਼ਟਰ ਤੋਂ ਵੱਖ ਕਰਨ ਦੀ ਉਨ੍ਹਾਂ ਦੀ ਯੋਜਨਾ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਉਨ੍ਹਾਂ ਵੱਲੋਂ ਐਲਾਨੇ ਵਿਰੋਧ ਮਾਰਚ ਦੇ ਮੱਦੇਨਜ਼ਰ ਹੀ ਵਿਵਾਦਤ ਜੀਆਰ ਵਾਪਸ ਲੈਣਾ ਪਿਆ। ਉਨ੍ਹਾਂ ਖਦਸ਼ਾ ਜਤਾਇਆ ਕਿ ਭਾਸ਼ਾ ਵਿਵਾਦ ਤੋਂ ਬਾਅਦ ਸਰਕਾਰ ਦੀ ਰਾਜਨੀਤੀ ਦਾ ਅਗਲਾ ਕਦਮ ਲੋਕਾਂ ਨੂੰ ਜਾਤੀ ਦੇ ਆਧਾਰ ’ਤੇ ਵੰਡਣਾ ਹੋਵੇਗਾ। ਰੈਲੀ ਨੂੰ ਸੰਬੋਧਨ ਕਰਦਿਆਂ ਊਧਵ ਠਾਕਰੇ ਨੇ ਕਿਹਾ ਕਿ ਉਹ ਸਰਕਾਰ ਨੂੰ ਲੋਕਾਂ ’ਤੇ ਹਿੰਦੀ ਨਹੀਂ ਥੋਪਣ ਦੇਣਗੇ। -ਪੀਟੀਆਈ
ਸਿਆਸੀ ਆਧਾਰ ਲੱਭ ਰਹੇ ਨੇ ਊਧਵ ਭਰਾ: ਭਾਜਪਾ
ਮੁੰਬਈ: ਮਹਾਰਾਸ਼ਟਰ ’ਚ ਭਾਜਪਾ ਆਗੂਆਂ ਨੇ ਅੱਜ ਊਧਵ ਤੇ ਰਾਜ ਠਾਕਰੇ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਮੁੰਬਈ ’ਚ ਉਨ੍ਹਾਂ ਦੀ ਸਾਂਝੀ ਰੈਲੀ ਉਨ੍ਹਾਂ ਦੇ ਸਿਆਸੀ ਭਵਿੱਖ ਨੂੰ ਮੁੜ ਤੋਂ ਲੀਹ ’ਤੇ ਲਿਆਉਣ ਅਤੇ ਮਿਊਂਸਿਪਲ ਚੋਣਾਂ ਤੋਂ ਪਹਿਲਾਂ ਗੁਆਚਿਆ ਆਧਾਰ ਹਾਸਲ ਕਰਨ ਦੀ ਕੋਸ਼ਿਸ਼ ਹੈ ਅਤੇ ਇਸ ਪ੍ਰੋਗਰਾਮ ਪਰਿਵਾਰਕ ਮੇਲ-ਮਿਲਾਪ ਜਿਹਾ ਸੀ। ਮਹਾਰਾਸ਼ਟਰ ਸਰਕਾਰ ’ਚ ਮੰਤਰੀ ਆਸ਼ੀਸ਼ ਸ਼ੇਲਾਰ ਨੇ ਕਿਹਾ, ‘ਇਹ ਭਾਸ਼ਾ ਪ੍ਰਤੀ ਪ੍ਰੇਮ ਲਈ ਰੈਲੀ ਨਹੀਂ ਸੀ ਬਲਕਿ ਘਰੋਂ ਕੱਢੇ ਗਏ ਭਰਾ ਦਾ ਜਨਤਕ ਤੁਸ਼ਟੀਕਰਨ ਸੀ। ਨਿਗਮ ਚੋਣਾਂ ’ਚ ਭਾਜਪਾ ਦੀ ਤਾਕਤ ਦੇ ਡਰੋਂ ਉਨ੍ਹਾਂ ਨੂੰ ਆਪਣਾ ਭਾਈਚਾਰਾ ਯਾਦ ਆ ਗਿਆ। ਮਾਲ ਮੰਤਰੀ ਚੰਦਰਸ਼ੇਖਰ ਬਾਵਨਕੁਲੇ ਨੇ ਊਧਵ ਠਾਕਰੇ ’ਤੇ ਮਰਾਠੀ ਭਾਸ਼ਾ ਪ੍ਰਤੀ ਦੋਹਰਾ ਰਵੱਈਆ ਅਪਣਾਉਣ ਦਾ ਦੋਸ਼ ਲਾਇਆ। -ਪੀਟੀਆਈ
ਸਰਕਾਰ ਦੇ ਫ਼ੈਸਲੇ ਦਾ ਹਰ ਵਰਗ ਨੇ ਵਿਰੋਧ ਕੀਤਾ: ਕਾਂਗਰਸ
ਮੁੰਬਈ: ਕਾਂਗਰਸ ਨੇ ਹਿੰਦੀ ਭਾਸ਼ਾ ਵਿਵਾਦ ਮਾਮਲੇ ’ਚ ਸਿਹਰਾ ਲੈਣ ਦੇ ਮਕਸਦ ਨਾਲ ਊਧਵ ਤੇ ਰਾਜ ਠਾਕਰੇ ਦੀ ਸਾਂਝੀ ਰੈਲੀ ’ਤੇ ਤਨਜ਼ ਕਸਦਿਆਂ ਕਿਹਾ ਕਿ ਮਹਾਰਾਸ਼ਟਰ ਸਰਕਾਰ ਦੇ ਇਸ ਕਦਮ ਦਾ ਸੂਬੇ ਭਰ ’ਚ ਵੱਖ ਵੱਖ ਵਰਗਾਂ ਨੇ ਵਿਰੋਧ ਕੀਤਾ ਸੀ। ਕਾਂਗਰਸ ਦੇ ਸੀਨੀਅਰ ਆਗੂ ਪ੍ਰਿਥਵੀਰਾਜ ਚੌਹਾਨ ਨੇ ਕਿਹਾ ਪਹਿਲੀ ਤੋਂ ਤੀਜੀ ਕਲਾਸ ਤੋਂ ਤੀਜੀ ਭਾਸ਼ਾ ਵਜੋਂ ਹਿੰਦੀ ਨੂੰ ਸ਼ਾਮਲ ਕਰਨ ਦੇ ਫ਼ੈਸਲਾ ਦਾ ਸੂਬਾ ਪੱਧਰੀ ਵਿਰੋਧ ਹੋਇਆ ਸੀ। ਉਨ੍ਹਾਂ ਕਿਹਾ, ‘ਰਾਜ ਠਾਕਰੇ ਤੇ ਊਧਵ ਠਾਕਰੇ ਜੇ ਸਰਕਾਰੀ ਹੁਕਮ ਵਾਪਸ ਲੈਣ ਦਾ ਸਿਹਰਾ ਲੈਂਦੇ ਹਨ ਤਾਂ ਇਹ ਠੀਕ ਹੈ। ਜੇ ਉਹ ਸਿਆਸੀ ਤੌਰ ’ਤੇ ਇਕੱਠੇ ਆਉਂਦੇ ਹਨ ਤਾਂ ਉਨ੍ਹਾਂ ਨੂੰ ਸਾਡੀਆਂ ਸ਼ੁਭ ਕਾਮਨਾਵਾਂ ਹਨ।’ -ਪੀਟੀਆਈ