ਅਮਰੀਕੀ ਹਵਾਈ ਅੱਡੇ ’ਤੇ ਦੋ ਜਹਾਜ਼ ਟਕਰਾਏ
ਅਮਰੀਕਾ ਦੇ ਮੋਨਟਾਨਾ ਵਿਚ ਕੈਲੀਸਪੈੱਲ ਸ਼ਹਿਰ ਦੇ ਹਵਾਈ ਅੱਡੇ ’ਤੇ ਅੱਜ ਦੁਪਹਿਰੇ ਛੋਟਾ ਜਹਾਜ਼ ਲੈਂਡਿੰਗ ਮੌਕੇ ਪਹਿਲਾਂ ਤੋਂ ਖੜ੍ਹੇ ਜਹਾਜ਼ ਨਾਲ ਟਕਰਾਅ ਗਿਆ। ਸਥਾਨਕ ਅਧਿਕਾਰੀਆਂ ਤੇ ਸੰਘੀ ਅਥਾਰਿਟੀਜ਼ ਨੇ ਕਿਹਾ ਕਿ ਹਾਦਸੇ ਵਿਚ ਕਿਸੇ ਜਾਨੀ ਨੁਕਸਾਨ ਜਾਂ ਗੰਭੀਰ ਸੱਟ ਫੇਟ ਤੋਂ ਬਚਾਅ ਰਿਹਾ। ਖ਼ਬਰ ਏਜੰਸੀ ਦੀ ਰਿਪੋਰਟ ਮੁਤਾਬਕ ਹਾਦਸਾ ਬਾਅਦ ਦੁਪਹਿਰ 2 ਵਜੇ ਦੇ ਕਰੀਬ ਉਦੋਂ ਵਾਪਰਿਆ ਜਦੋਂ ਸੋਕਾਟਾ ਟੀਬੀਐੱਮ 700 ਟਰਬੋਪ੍ਰੋਪ ਜਿਸ ਵਿਚ ਚਾਰ ਵਿਅਕਤੀ ਸਵਾਰ ਸਨ, ਲੈੈਂਡਿੰਗ ਵੇਲੇ ਹਵਾਈ ਅੱਡੇ ’ਤੇ ਪਾਰਕ ਜਹਾਜ਼ ਨਾਲ ਟਕਰਾਅ ਗਿਆ। ਸੰਘੀ ਹਵਾਬਾਜ਼ੀ ਪ੍ਰਸ਼ਾਸਨ (ਐੱਫਏਏ) ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਜਹਾਜ਼ਾਂ ਨੂੰ ਅੱਗ ਲੱਗ ਗਈ, ਜਿਸ ਨੂੰ ਫੌਰੀ ਕਾਬੂ ਕਰ ਲਿਆ ਗਿਆ। ਕੈਲੀਸਪੈੱਲ ਪੁਲੀਸ ਦੇ ਮੁਖੀ ਜੌਰਡਨ ਵੈਨੇਜ਼ੀਓ ਤੇ ਫਾਇਰ ਚੀਫ਼ ਜੇਅ ਹੈਗਨ ਨੇ ਕਿਹਾ ਕਿ ਜਹਾਜ਼ ਦੱਖਣ ਵਾਲੇ ਪਾਸਿਓਂ ਰਨਵੇਅ ’ਤੇ ਉੱਤਰਿਆ ਤੇ ਇਕ ਹੋਰ ਜਹਾਜ਼ ਨਾਲ ਟਕਰਾਅ ਗਿਆ। ਛੋਟੇ ਜਹਾਜ਼ ਵਿਚ ਸਵਾਰ ਸਾਰੇ ਚਾਰ ਵਿਅਕਤੀਆਂ ਨੂੰ ਫੌਰੀ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਦੋ ਯਾਤਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਦੀ ਮੌਕੇ ’ਤੇ ਮਰ੍ਹਮ ਪੱਟੀ ਕੀਤੀ ਗਈ। ਚਸ਼ਮਦੀਦਾਂ ਨੇ ਕਿਹਾ ਕਿ ਉਨ੍ਹਾਂ ਜ਼ੋਰਦਾਰ ਆਵਾਜ਼ ਸੁਣੀ ਤੇ ਹਵਾਈ ਅੱਡੇ ਤੋਂ ਸੰਘਣਾ ਕਾਲਾ ਧੂੰਆਂ ਉੱਠਦਾ ਦੇਖਿਆ। ਇਹ ਹਵਾਈ ਅੱਡਾ ਕੈਲੀਸਪੈੱਲ ਦੇ ਦੱਖਣ ਵਿਚ ਹੈ ਤੇ ਉੱਤਰ ਪੱਛਮੀ ਮੋਨਟਾਨਾ ਦੇ ਇਸ ਸ਼ਹਿਰ ਵਿਚ 30 ਹਜ਼ਾਰ ਦੇ ਕਰੀਬ ਲੋਕ ਰਹਿੰਦੇ ਹਨ। ਐੱਫਏਏ ਦੇ ਰਿਕਾਰਡ ਮੁਤਾਬਕ ਜਹਾਜ਼ 2011 ਵਿਚ ਬਣਿਆ ਸੀ ਤੇ ਮੀਟਰ ਸਕਾਈ ਪੁਲਮੈਨ ਵਾਸ਼ਿੰਗਟਨ ਕੋਲ ਰਜਿਸਟਰਡ ਹੈ।