ਪੱਛਮੀ ਬੰਗਾਲ ਜਬਰ-ਜਨਾਹ ਮਾਮਲੇ ’ਚ ਦੋ ਹੋਰ ਗ੍ਰਿਫ਼ਤਾਰ
ਪੱਛਮੀ ਬੰਗਾਲ ਦੇ ਦੁਰਗਾਪੁਰ ਵਿੱਚ 23 ਸਾਲਾ ਮੈਡੀਕਲ ਵਿਦਿਆਰਥਣ ਨਾਲ ਹੋਏ ਕਥਿਤ ਸਮੂਹਿਕ ਜਬਰ-ਜਨਾਹ ਦੇ ਮਾਮਲੇ ਵਿੱਚ ਪੁਲੀਸ ਨੇ ਅੱਜ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਨਾਲ ਕੇਸ ਵਿੱਚ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ ਪੰਜ ਹੋ ਗਈ ਹੈ। ਮੁੱਖ ਮੰਤਰੀ ਮਮਤਾ ਬੈਨਰਜੀ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ। ਉੜੀਸਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੀ ਪੀੜਤਾ ਅਤੇ ਉਸ ਦੇ ਪਰਿਵਾਰ ਨੂੰ ਮਿਲਣ ਲਈ ਪੱਛਮੀ ਬੰਗਾਲ ਪਹੁੰਚ ਗਈ ਹੈ। ਇਸ ਘਟਨਾ ਦੇ ਰੋਸ ਵਜੋਂ ਭਾਜਪਾ ਵਰਕਰਾਂ ਨੇ ਅੱਜ ਪ੍ਰਦਰਸ਼ਨ ਕਰਕੇ ਪੀੜਤਾ ਲਈ ਇਨਸਾਫ਼ ਮੰਗਿਆ।
ਭਾਜਪਾ ਆਗੂ ਸੁਵੇਂਦੂ ਅਧਿਕਾਰੀ ਨੇ ਦੋਸ਼ ਲਾਇਆ ਕਿ ਇਸ ਅਪਰਾਧ ਨਾਲ ਸਬੰਧਤ ‘ਸਬੂਤਾਂ ਨੂੰ ਨਸ਼ਟ’ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਗ੍ਰਿਫ਼ਤਾਰੀਆਂ ਸਿਰਫ਼ ‘ਅੱਖਾਂ ਪੂੰਝਣ ਵਾਲੀ ਕਾਰਵਾਈ’ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਮੁਲਜ਼ਮ ਸ਼ੇਖ ਨਸੀਰੂਦੀਨ ਸੱਤਾਧਾਰੀ ਤ੍ਰਿਣਮੂਲ ਕਾਂਗਰਸ (ਟੀ ਐੱਮ ਸੀ) ਨਾਲ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਉਸ ਸਮੇਂ ਵਾਪਰੀ ਜਦੋਂ ਉੜੀਸਾ ਦੇ ਬਾਲਾਸੋਰ ਜ਼ਿਲ੍ਹੇ ਦੀ ਰਹਿਣ ਵਾਲੀ ਵਿਦਿਆਰਥਣ ਆਪਣੇ ਦੋਸਤ ਨਾਲ ਕਾਲਜ ਕੈਂਪਸ ਤੋਂ ਬਾਹਰ ਰਾਤ ਦਾ ਖਾਣਾ ਖਾਣ ਗਈ ਸੀ। ਇਸ ਘਟਨਾ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਰਾਜਪਾਲ ਸੀ ਵੀ ਆਨੰਦ ਬੋਸ ਨੇ ਅੱਜ ਪੀੜਤਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਇਸ ਘਟਨਾ ਨੂੰ ‘ਝੰਜੋੜ ਦੇਣ ਵਾਲੀ’ ਕਰਾਰ ਦਿੰਦਿਆਂ ਕਿਹਾ ਕਿ ਉਹ ‘ਯਕੀਨ ਨਾਲ ਨਹੀਂ ਕਹਿ ਸਕਦੇ ਕਿ ਬੰਗਾਲ ਸੁਰੱਖਿਅਤ ਹੈ।’
ਮਮਤਾ ਦਾ ਬਿਆਨ ਪੀੜਤਾ ਨੂੰ ਦੋਸ਼ੀ ਠਹਿਰਾਉਣ ਵਾਲਾ: ਬਾਂਸੁਰੀ
ਨਵੀਂ ਦਿੱਲੀ: ਜਬਰ-ਜਨਾਹ ਦੀ ਘਟਨਾ ਮਗਰੋਂ ਵਿਦਿਆਰਥਣਾਂ ਨੂੰ ਰਾਤ ਨੂੰ ਬਾਹਰ ਨਾ ਜਾਣ ਦੀ ਸਲਾਹ ਦੇਣ ’ਤੇ ਭਾਜਪਾ ਨੇ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਤਿੱਖਾ ਹਮਲਾ ਕਰਦਿਆਂ ਇਸ ਨੂੰ ‘ਪੀੜਤਾ ਨੂੰ ਹੀ ਦੋਸ਼ੀ ਠਹਿਰਾਉਣ’ ਵਾਲਾ ਬਿਆਨ ਕਰਾਰ ਦਿੱਤਾ ਹੈ। ਭਾਜਪਾ ਦੀ ਸੰਸਦ ਮੈਂਬਰ ਬਾਂਸੁਰੀ ਸਵਰਾਜ ਨੇ ਕਿਹਾ, ‘‘ਇਹ ਬਹੁਤ ਦੁਖਦਾਈ ਅਤੇ ਸ਼ਰਮਨਾਕ ਹੈ ਕਿ ਮਹਿਲਾ ਮੁੱਖ ਮੰਤਰੀ ਪੀੜਤਾ ’ਤੇ ਹੀ ਦੋਸ਼ ਮੜ੍ਹ ਰਹੀ ਹੈ।’’ -ਪੀਟੀਆਈ
ਪੁਲੀਸ ਹਰ ਥਾਂ ਨਹੀਂ ਰਹਿ ਸਕਦੀ: ਸੌਗਾਤਾ ਰੌਏ
ਦੁਰਗਾਪੁਰ ਸਮੂਹਿਕ ਜਬਰ-ਜਨਾਹ ਮਾਮਲੇ ’ਤੇ ਟਿੱਪਣੀ ਕਰਦਿਆਂ ਟੀ ਐੱਮ ਸੀ ਦੇ ਸੀਨੀਅਰ ਸੰਸਦ ਮੈਂਬਰ ਸੌਗਾਤਾ ਰੌਏ ਨੇ ਕਿਹਾ ਕਿ ਔਰਤਾਂ ਨੂੰ ਖੁਦ ਸਾਵਧਾਨੀ ਵਰਤਣੀ ਚਾਹੀਦੀ ਹੈ ਕਿਉਂਕਿ ਪੁਲੀਸ ਹਰ ਥਾਂ ਮੌਜੂਦ ਨਹੀਂ ਰਹਿ ਸਕਦੀ। ਉਨ੍ਹਾਂ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਉਸ ਬਿਆਨ ਦਾ ਪੂਰਾ ਸਮਰਥਨ ਕੀਤਾ, ਜਿਸ ਵਿੱਚ ਉਨ੍ਹਾਂ ਨੇ ਵਿਦਿਆਰਥਣਾਂ ਨੂੰ ਰਾਤ ਨੂੰ ਦੇਰ ਨਾਲ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਸੀ।