ਗਲੋਬਲ ਐਡਟੈੱਕ ਪੁਰਸਕਾਰ ’ਚ ਦੋ ਭਾਰਤੀ ਸਿੱਖਿਆ ਮੰਚਾਂ ਨੇ ਥਾਂ ਬਣਾਈ
ਪਹਿਲੇ ਗਲੋਬਲ ਐਡਟੈੱਕ ਪੁਰਸਕਾਰ ਦੇ ਫਾਈਨਲਿਸਟਾਂ ’ਚ ਦੋ ਭਾਰਤੀ ਸਿੱਖਿਆ ਮੰਚਾਂ ਨੇ ਥਾਂ ਬਣਾਈ ਹੈ। ਭਾਰਤ ’ਚ ਅਵੰਤੀ ਫੈਲੋਜ਼ ਦੇ ਗੁਰੂਕੁਲ ਨੇ ਗ਼ੈਰ-ਲਾਭਕਾਰੀ ਵਰਗ ’ਚ ਆਖ਼ਰੀ ਤਿੰਨ ਵਿੱਚ ਥਾਂ ਬਣਾਈ; ਭਾਰਤ ਦੇ ਲੀਡ ਗਰੁੱਪ ਦੇ ਲੀਡ ਲਰਨਿੰਗ ਸਿਸਟਮ ਨੇ ਬੀਤੇ ਦਿਨ ਅਬੂਧਾਬੀ ਸਥਿਤ ਯਾਸਮਿਨਾ ਬ੍ਰਿਟਿਸ਼ ਅਕਾਦਮੀ ’ਚ ਕਰਵਾਈ ਗਏ ਵਰਲਡ ਸਕੂਲਜ਼ ਸੰਮੇਲਨ ’ਚ ਆਪਣੀ ਛਾਪ ਛੱਡੀ। ਬਰਤਾਨੀਆ ਸਥਿਤ ਟੀ4 ਐਜੂਕੇਸ਼ਨ ਵੱਲੋਂ ਆਊਲ ਵੈਂਚਰਜ਼ ਨਾਲ ਮਿਲ ਕੇ ਸਥਾਪਤ ਇਸ ਪੁਰਸਕਾਰ ਦੇ ਜੇਤੂਆਂ ਵਿੱਚ ਅਫਰੀਕਾ ’ਚ ਇਮੇਜਿਨ ਵਰਲਡਵਾਈਡ ਟੈਬਲੇਟ-ਆਧਾਰਿਤ ਫਾਊਂਡੇਸ਼ਨ ਲਰਨਿੰਗ ਪ੍ਰੋਗਰਾਮ, ਅਮਰੀਕਾ ਦਾ ਬ੍ਰਿਸਕ ਟੀਚਿੰਗ ਤੇ ਆਸਟਰੇਲੀਆ ਦਾ ਮੈਟੀਫਿਕ ਸ਼ਾਮਲ ਸਨ। ਟੀ4 ਐਜੂਕੇਸ਼ਨ ਤੇ ਗਲੋਬਲ ਐਡਟੈੱਕ ਪੁਰਸਕਾਰ ਦੇ ਬਾਨੀ ਵਿਕਾਸ ਪੋਟਾ ਨੇ ਕਿਹਾ, ‘‘ਲੀਡ ਗਰੁੱਪ ਦੇ ਲੀਡ ਲਰਨਿੰਗ ਸਿਸਟਮ ਤੇ ਭਾਰਤ ’ਚ ਅਵੰਤੀ ਫੈਲੋਜ਼ ਦੇ ਗੁਰੂਕੁਲ ਨੂੰ ਪਹਿਲੇ ਗਲੋਬਲ ਐਡਟੈੱਕ ਪੁਰਸਕਾਰ ਲਈ ਆਖਰੀ ਤਿੰਨ ’ਚ ਥਾਂ ਬਣਾਉਣ ਲਈ ਵਧਾਈ। ਸਿੱਖਿਆ ’ਚ ਸੁਧਾਰ ਲਈ ਉਨ੍ਹਾਂ ਦਾ ਕੰਮ ਅਹਿਮ ਯੋਗਦਾਨ ਹੈ।’’
