ਆਂਧਰਾ ਪ੍ਰਦੇਸ਼ ਦੇ ਦੋ ਡੀਐੱਸਪੀ ਸੜਕ ਹਾਦਸੇ ’ਚ ਹਲਾਕ
ਇੱਥੇ ਸੜਕ ਹਾਦਸੇ ਵਿਚ ਆਂਧਰਾ ਪ੍ਰਦੇਸ਼ ਪੁਲੀਸ ਦੇ ਦੋ ਡੀਐਸਪੀ ਮਾਰੇ ਗਏ ਅਤੇ ਸੀਨੀਅਰ ਪੁਲੀਸ ਅਧਿਕਾਰੀ ਤੇ ਡਰਾਈਵਰ ਜ਼ਖਮੀ ਹੋ ਗਏ। ਇਹ ਹਾਦਸਾ ਉਸ ਵੇਲੇ ਹੋਇਆ ਜਦੋਂ ਉਹ ਸਕਾਰਪੀਓ ਰਾਹੀਂ ਸਰਕਾਰੀ ਕੰਮ ਲਈ ਵਿਜੈਵਾੜਾ ਤੋਂ ਹੈਦਰਾਬਾਦ ਜਾ ਰਹੇ ਸਨ। ਇਹ ਹਾਦਸਾ ਹੈਦਰਾਬਾਦ ਨੇੜੇ ਚੌਟੂਪਲ ’ਚ ਹੋਇਆ। ਜਾਣਕਾਰੀ ਅਨੁਸਾਰ ਪੁਲੀਸ ਅਧਿਕਾਰੀ ਸਕਾਰਪੀਓ ਵਿਚ ਜਾ ਰਹੇ ਸਨ ਕਿ ਅੱਗੇ ਜਾ ਰਹੇ ਵਾਹਨ ਨੇ ਅਚਾਨਕ ਬਰੇਕ ਲਾ ਦਿੱਤੀ ਜਿਸ ਨੂੰ ਬਚਾਉਂਦਿਆਂ ਉਨ੍ਹਾਂ ਦੀ ਕਾਰ ਡਿਵਾਈਡਰ ਨਾਲ ਟਕਰਾਅ ਕੇ ਦੂਜੇ ਪਾਸੇ ਜਾ ਡਿੱਗੀ ਜਿੱਥੇ ਹੋਰ ਵਾਹਨ ਨੇ ਪੁਲੀਸ ਦੇ ਵਾਹਨ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਮਰਨ ਵਾਲੇ ਆਂਧਰਾ ਪ੍ਰਦੇਸ਼ ਪੁਲੀਸ ਦੇ ਇੰਟੈਲੀਜੈਂਸ ਸੁਰੱਖਿਆ ਵਿੰਗ ਵਿਚ ਕੰਮ ਕਰਦੇ ਸਨ ਜਦਕਿ ਜ਼ਖਮੀਆਂ ਵਿਚ ਵਧੀਕ ਸੁਪਰਡੈਂਟ ਆਫ਼ ਪੁਲੀਸ ਅਤੇ ਡਰਾਈਵਰ ਸ਼ਾਮਲ ਹਨ ਜਿਨ੍ਹਾਂ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਅਤੇ ਵਿਰੋਧੀ ਧਿਰ ਦੇ ਆਗੂ ਵਾਈਐਸ ਜਗਨ ਮੋਹਨ ਰੈਡੀ ਨੇ ਸੜਕ ਹਾਦਸੇ ਵਿੱਚ ਦੋ ਡੀਐਸਪੀਜ਼ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ।