ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੱਖਣੀ ਕਸ਼ਮੀਰ ਦੇ ਜੰਗਲਾਂ ’ਚ ਫੌ਼ਜ ਦੇ ਦੋ ਜਵਾਨ ਲਾਪਤਾ

ਸੋਮਵਾਰ ਤੋਂ ਨਹੀਂ ਹੋ ਰਿਹਾ ਸੰਪਰਕ; ਦੋਵਾਂ ਜਵਾਨਾਂ ਦੀ ਭਾਲ ਲਈ ਵੱਡੇ ਪੱਧਰ ’ਤੇ ਮੁਹਿੰਮ ਸ਼ੁਰੂ
Advertisement

ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਜੰਗਲਾਤ ਖੇਤਰ ਵਿੱਚ ਥਲ ਸੈਨਾ ਦੇ ਦੋ ਜਵਾਨ ਲਾਪਤਾ ਹੋ ਗਏ ਹਨ, ਜਿਨ੍ਹਾਂ ਦੀ ਭਾਲ ਲਈ ਸੁਰੱਖਿਆ ਬਲਾਂ ਨੇ ਖਿੱਤੇ ਅੰਦਰ ਵੱਡੇ ਪੱਧਰ ’ਤੇ ਮੁਹਿੰਮ ਸ਼ੁਰੂ ਕੀਤੀ ਹੈ। ਸੈਨਾ ਦੇ ਸੂਤਰਾਂ ਨੇ ਅੱਜ ਦੱਸਿਆ ਕਿ ਦੋਵਾਂ ਜਵਾਨਾਂ ਨਾਲ ‘ਸੰਪਰਕ ਟੁੱਟ ਗਿਆ’ ਹੈ। ਇਹ ਜਵਾਨ ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ ਦੇ ਗਡੂਲ ਦੇ ਜੰਗਲਾਂ ਵਿੱਚ ਚੱਲ ਰਹੀ ਅਤਿਵਾਦ ਵਿਰੋਧੀ ਮੁਹਿੰਮ ਦਾ ਹਿੱਸਾ ਸਨ ਅਤੇ ਸੋਮਵਾਰ ਸ਼ਾਮ ਤੋਂ ਫ਼ੌਜ ਉਨ੍ਹਾਂ ਨਾਲ ਸੰਪਰਕ ਸਥਾਪਤ ਕਰਨ ਵਿੱਚ ਅਸਮਰੱਥ ਰਹੀ ਹੈ। ਇਹ ਦੋਵੇਂ, ਜੋ ਐਲੀਟ ਪੈਰਾ ਫੋਰਸਾਂ ਨਾਲ ਸਬੰਧਤ ਸਨ, ਉਨ੍ਹਾਂ ਹੋਰ ਸੁਰੱਖਿਆ ਬਲਾਂ ਦੀਆਂ ਟੀਮਾਂ ਨਾਲ ਜੰਗਲ ਖੇਤਰ ਵਿੱਚ ਮੌਜੂਦ ਸਨ ਜਿਨ੍ਹਾਂ ਨੂੰ ਤਲਾਸ਼ੀ ਮੁਹਿੰਮਾਂ ਲਈ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘ਅਸੀਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਤੇ ਲਾਪਤਾ ਹੋਏ ਜਵਾਨਾਂ ਨਾਲ ਸੰਪਰਕ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।’ ਕੋਕਰਨਾਗ ਦਾ ਗਡੂਲ ਸੰਘਣਾ ਜੰਗਲੀ ਖੇਤਰ ਹੈ। ਇਹ ਖੇਤਰ ਅਤੀਤ ਵਿੱਚ ਅਤਿਵਾਦੀਆਂ ਦੀ ਮੌਜੂਦਗੀ ਲਈ ਵੀ ਜਾਣਿਆ ਜਾਂਦਾ ਸੀ। ਨੇੜਲੇ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਦੋ ਜਵਾਨਾਂ ਨਾਲੋਂ ਸੰਪਰਕ ਟੁੱਟਣ ਤੋਂ ਬਾਅਦ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਗਡੂਲ ਜੰਗਲ ਨੇੜੇ ਪੈਂਦੇ ਪਿੰਡ ਅਹਿਲਾਨ ਬਾਲਾ ਦੇ ਵਸਨੀਕ ਨੇ ਦੱਸਿਆ ਕਿ ਜਿਸ ਇਲਾਕੇ ਤੋਂ ਦੋ ਫੌਜੀ ਜਵਾਨ ਲਾਪਤਾ ਹੋਏ ਹਨ, ਉਹ ਆਖਰੀ ਪਿੰਡ ਤੋਂ ਲਗਪਗ ਨੌਂ ਕਿਲੋਮੀਟਰ ਦੂਰ ਹੈ। ਉਨ੍ਹਾਂ ਦੱਸਿਆ, ‘ਇਲਾਕੇ ਵਿੱਚ ਭਾਰੀ ਮੀਂਹ ਪੈ ਰਿਹਾ ਸੀ ਤੇ ਉੱਚੀਆਂ ਪਹਾੜੀਆਂ ’ਤੇ ਬਰਫ਼ਬਾਰੀ ਵੀ ਹੋਈ ਸੀ। ਇਹ ਦੱਸਣਾ ਬਹੁਤ ਮੁਸ਼ਕਲ ਹੈ ਕਿ ਉਹ ਕਿੱਥੇ ਗਏ ਹਨ।’ ਜ਼ਿਕਰਯੋਗ ਹੈ ਕਿ ਗਡੂਲ ਦੇ ਜੰਗਲਾਂ ਵਿੱਚ ਅਤੀਤ ਵਿੱਚ ਵੀ ਅਤਿਵਾਦ ਨਾਲ ਸਬੰਧਤ ਗਤੀਵਿਧੀਆਂ ਦੀਆਂ ਖ਼ਬਰਾਂ ਆਈਆਂ ਹਨ। ਸਤੰਬਰ 2023 ਵਿੱਚ ਇਸੇ ਜੰਗਲੀ ਇਲਾਕੇ ਵਿੱਚ ਭਿਆਨਕ ਗੋਲੀਬਾਰੀ ’ਚ ਫੌਜ ਦੇ ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼ ਡੋਨਚੱਕ ਤੇ ਜੰਮੂ-ਕਸ਼ਮੀਰ ਦੇ ਡੀਐੱਸਪੀ ਹੁਮਾਯੂੰ ਮੁਜ਼ੰਮਿਲ ਸ਼ਹੀਦ ਹੋ ਗਏ ਸਨ। ਦੋ ਅਤਿਵਾਦੀ ਵੀ ਮਾਰੇ ਗਏ ਸਨ। ਇੱਕ ਸੁਰੱਖਿਆ ਅਧਿਕਾਰੀ ਨੇ ਕਿਹਾ ਕਿ ਇਹ ਟਿੱਪਣੀ ਕਰਨਾ ਮੁਸ਼ਕਲ ਹੈ ਕਿ ਇਹ ਘਟਨਾ ਅਤਿਵਾਦ ਨਾਲ ਜੁੜੀ ਹੋਈ ਹੈ। ਉਨ੍ਹਾਂ ਕਿਹਾ, ‘ਇਲਾਕੇ ਵਿੱਚ ਮੌਸਮ ਬਹੁਤ ਖ਼ਰਾਬ ਹੈ। ਫਿਲਹਾਲ ਅਸੀਂ ਕੁਝ ਨਹੀਂ ਕਹਿ ਸਕਦੇ। ਉਨ੍ਹਾਂ ਨੂੰ ਲੱਭਣ ਦੀਆਂ ਸਾਡੀਆਂ ਕੋਸ਼ਿਸ਼ਾਂ ਜਾਰੀ ਹਨ।’

Advertisement
Advertisement
Show comments