ਟੀਵੀ ਚੈਨਲ ਗੈਰਕਾਨੂੰਨੀ ਗਤੀਵਿਧੀਆਂ ਨੂੰ ਉਤਸ਼ਾਹਤ ਕਰਦੇ ਵਿਜ਼ੂਅਲ ਪ੍ਰਸਾਰਿਤ ਨਾ ਕਰਨ: ਸਰਕਾਰ
ਕੇਂਦਰ ਸਰਕਾਰ ਨੇ ਅੱਜ ਸਾਰੇ ਟੀਵੀ ਚੈਨਲਾਂ ਨੂੰ ਕਿਹਾ ਹੈ ਕਿ ਉਹ ਅਜਿਹੇ ਵਿਜ਼ੂਅਲ ਪ੍ਰਸਾਰਿਤ ਨਾ ਕਰਨ ਜੋ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੇ ਹਨ। ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਅੱਜ ਸਾਰੇ ਨਿੱਜੀ ਟੈਲੀਵਿਜ਼ਨ ਚੈਨਲਾਂ ਨੂੰ ਵਿਜ਼ੂਅਲ ਪ੍ਰਸਾਰਿਤ ਕਰਨ ਲਈ ਨੇਮਾਂ ਦਾ ਪਾਲਣ ਕਰਨ ਲਈ ਕਿਹਾ ਹੈ।
ਇਸ ਤੋਂ ਪਹਿਲਾ ਕੁਝ ਟੈਲੀਵਿਜ਼ਨ ਚੈਨਲਾਂ ਵੱਲੋਂ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹਾਲ ਹੀ ਵਿੱਚ ਹੋਏ ਧਮਾਕੇ ਤੋਂ ਬਾਅਦ ਵਿਸਫੋਟਕ ਸਮੱਗਰੀ ਬਣਾਉਣ ਸਬੰਧੀ ਖਬਰਾਂ ਪ੍ਰਸਾਰਿਤ ਕੀਤੀਆਂ ਗਈਆਂ ਸਨ।
ਇਸ ਮੰਤਰਾਲੇ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਨਿਊਜ਼ ਚੈਨਲ ਲਾਲ ਕਿਲ੍ਹੇ ਦੇ ਧਮਾਕਿਆਂ ਨਾਲ ਸਬੰਧਤ ਸਮੱਗਰੀ ਪ੍ਰਸਾਰਿਤ ਕਰ ਰਹੇ ਹਨ ਤੇ ਹਮਲਾਵਰਾਂ ਦੀਆਂ ਹਿੰਸਾ ਦੀਆਂ ਕਾਰਵਾਈਆਂ ਨੂੰ ਜਾਇਜ਼ ਠਹਿਰਾਉਂਦੇ ਹੋਏ ਨਾਲ ਹੀ ਵਿਸਫੋਟਕ ਸਮੱਗਰੀ ਕਿਵੇਂ ਬਣਾਈ ਜਾਵੇ ਇਸ ਬਾਰੇ ਜਾਣਕਾਰੀ ਵਾਲੇ ਵੀਡੀਓ ਪ੍ਰਸਾਰਿਤ ਕਰ ਰਹੇ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਪ੍ਰਸਾਰਨ ਅਣਜਾਣੇ ਵਿੱਚ ਹਿੰਸਾ ਨੂੰ ਉਤਸ਼ਾਹਿਤ ਕਰ ਸਕਦੇ ਹਨ ਜਾਂ ਭੜਕਾ ਸਕਦੇ ਹਨ।
ਸਾਰੇ ਟੀਵੀ ਚੈਨਲਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਜਿਹੇ ਮਾਮਲਿਆਂ 'ਤੇ ਰਿਪੋਰਟਿੰਗ ਕਰਦੇ ਸਮੇਂ ਸੰਜਮ ਤੇ ਸੰਵੇਦਨਸ਼ੀਲਤਾ ਦੀ ਵਰਤੋਂ ਕਰਨ। ਇਸ ਵਿੱਚ ਕੇਬਲ ਟੈਲੀਵਿਜ਼ਨ ਨੈੱਟਵਰਕ ਨਿਯਮਾਂ ਦਾ ਹਵਾਲਾ ਦਿੱਤਾ ਗਿਆ ਹੈ ਜੋ ਇਹ ਸਪਸ਼ਟ ਕਰਦੇ ਹਨ ਕਿ ਪ੍ਰਸਾਰਿਤ ਪ੍ਰੋਗਰਾਮ ਕਿਸੇ ਤਰ੍ਹਾਂ ਵੀ ਦੇਸ਼ ਦੇ ਵਿਰੋਧ ਵਿਚ ਨਹੀਂ ਹੋਣਾ ਚਾਹੀਦਾ।
ਪੀਟੀਆਈ
