ਟਰੰਪ ਦਾ 50 ਫ਼ੀਸਦ ਟੈਰਿਫ ‘ਧੱਕਾ ਤੇ ਧਮਕਾਉਣ ਦੀ ਕੋਸ਼ਿਸ਼’: ਰਾਹੁਲ
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ’ਤੇ 50 ਫੀਸਦ ਟੈਰਿਫ ਲਾਏ ਜਾਣ ਦੇ ਐਲਾਨ ਮਗਰੋਂ ਅੱਜ ਕਿਹਾ ਕਿ ਇਹ ‘ਧੱਕਾ ਤੇ ਧਮਕਾਉਣ ਦੀ ਕੋਸ਼ਿਸ਼’ ਹੈ। ਉਨ੍ਹਾਂ ਕਿਹਾ ਇਹ ਆਰਥਿਕ ਬਲੈਕਮੇਲ ਹੈ ਅਤੇ ਅਢੁੱਕਵੇਂ ਵਪਾਰ ਸਮਝੌਤੇ ਵਾਸਤੇ ਦੇਸ਼ ਨੂੰ ਧਮਕਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ‘ਕਮਜ਼ੋਰੀ’ ਭਾਰਤੀ ਹਿੱਤਾਂ ’ਤੇ ਭਾਰੂ ਨਹੀਂ ਪੈਣ ਦੇਣੀ ਚਾਹੀਦੀ।
ਕਾਂਗਰਸੀ ਆਗੂ ਨੇ ‘ਐਕਸ’ ’ਤੇ ਕਿਹਾ, ‘‘ਟਰੰਪ ਦਾ 50 ਫ਼ੀਸਦ ਟੈਰਿਫ ਆਰਥਿਕ ਬਲੈਕਮੇਲ ਹੈ। ਅਢੁੱਕਵੇਂ ਵਪਾਰ ਸਮਝੌਤੇ ਲਈ ਭਾਰਤ ਨੂੰ ਧਮਕਾਉਣ ਦੀ ਕੋਸ਼ਿਸ਼ ਹੈ।’’ ਉਨ੍ਹਾਂ ਕਿਹਾ ਕਿ ਬਿਹਤਰ ਹੋਵੇਗਾ ਜੇਕਰ ਪ੍ਰਧਾਨ ਮੰਤਰੀ ਮੋਦੀ ਆਪਣੀ ਕਮਜ਼ੋਰੀ ਨੂੰ ਭਾਰਤੀਆਂ ਦੇ ਹਿੱਤਾਂ ’ਤੇ ਭਾਰੂ ਨਾ ਪੈਣ ਦੇਣ। ਉਧਰ, ਕਾਂਗਰਸ ਨੇ ਕਿਹਾ ਕਿ ਹੁਣ ਭਾਰਤ ਦੀ ਵਿਦੇਸ਼ ਨੀਤੀ ਅਤੇ ਸ਼ਾਸਨ ਪ੍ਰਣਾਲੀ ਵਿੱਚ ਵੱਡੇ ਬਦਲਾਅ ਦੀ ਲੋੜ ਹੈ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੋਂ ਪ੍ਰੇਰਨਾ ਲੈਂਦਿਆਂ ਅਮਰੀਕਾ ਅੱਗੇ ਡਟ ਕੇ ਖੜ੍ਹਨ ਦੀ ਲੋੜ ਹੈ। -ਪੀਟੀਆਈ