ਟਰੰਪ ਟੈਕਸ: ਅਮਰੀਕਾ ਨੂੰ ਕੁੱਲ ਵਪਾਰਕ ਬਰਾਮਦ ਦੇ 55 ਫੀਸਦੀ ’ਤੇ ਅਸਰ ਪਵੇਗਾ: ਵਿੱਤ ਰਾਜ ਮੰਤਰੀ
ਵਿੱਤ ਮੰਤਰਾਲੇ ਦੇ ਰਾਜ ਮੰਤਰੀ ਪੰਕਜ ਚੌਧਰੀ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕਾ ਨੂੰ ਭਾਰਤ ਦੇ ਕੁੱਲ ਵਪਾਰਕ ਬਰਾਮਦ ਦਾ ਲਗਪਗ 55 ਫੀਸਦੀ ਵਾਧੂ ਟੈਕਸ ਦੇ ਦਾਇਰੇ ਵਿੱਚ ਆਵੇਗਾ। ਲੋਕ ਸਭਾ ’ਚ ਇੱਕ ਸਵਾਲ ਦੇ ਲਿਖਤੀ ਜਵਾਬ ’ਚ ਚੌਧਰੀ ਨੇ ਕਿਹਾ ਕਿ ਸਰਕਾਰ ਕਿਸਾਨਾਂ, ਉੱਦਮੀਆਂ, ਬਰਾਮਦਕਾਰਾਂ, ਐੱਮ.ਐੱਸ.ਐੱਮ.ਈ. ਦੀ ਭਲਾਈ ਦੀ ਰੱਖਿਆ ਅਤੇ ਪ੍ਰੋਤਸਾਹਿਤ ਕਰਨ ਨੂੰ ਬਹੁਤ ਮਹੱਤਵ ਦਿੰਦੀ ਹੈ ਅਤੇ ਕੌਮੀ ਰਾਸ਼ਟਰੀ ਹਿੱਤਾਂ ਨੂੰ ਸੁਰੱਖਿਅਤ ਰੱਖਣ ਲਈ ਸਾਰੇ ਜ਼ਰੂਰੀ ਕਦਮ ਚੁੱਕੇਗੀ। ਉਨ੍ਹਾਂ ਕਿਹਾ, ‘‘ਵੱਖ-ਵੱਖ ਕਾਰਕਾਂ ਜਿਵੇਂ ਕਿ ਉਤਪਾਦਾਂ ਦਾ ਵੱਖਰਾਪਣ, ਮੰਗ, ਗੁਣਵੱਤਾ ਅਤੇ ਠੇਕੇ ਦੇ ਪ੍ਰਬੰਧਾਂ ਦਾ ਸੁਮੇਲ, ਭਾਰਤ ਦੇ ਨਿਰਯਾਤ ’ਤੇ ਅਸਰ ਨੂੰ ਨਿਰਧਾਰਤ ਕਰੇਗਾ।’’
ਮੰਤਰੀ ਇਹ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਕੀ ਸਰਕਾਰ ਨੇ ਭਾਰਤੀ ਵਸਤੂਆਂ ’ਤੇ ਅਮਰੀਕਾ ਵੱਲੋਂ ਲਗਾਏ ਜਾਣ ਵਾਲੇ ਟੈਕਸ ਦੇ ਅਸਰ ਦਾ ਕੋਈ ਮੁਲਾਂਕਣ ਕੀਤਾ ਹੈ। ਚੌਧਰੀ ਨੇ ਕਿਹਾ, "ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਅਮਰੀਕਾ ਨੂੰ ਭਾਰਤ ਦੇ ਕੁੱਲ ਵਪਾਰਕ ਨਿਰਯਾਤ ਮੁੱਲ ਦਾ ਲਗਭਗ 55 ਫੀਸਦੀ ਇਸ ਟੈਕਸ ਦੇ ਅਧੀਨ ਹੋਵੇਗਾ।’’ ਉਨ੍ਹਾਂ ਕਿਹਾ ਕਿ 7 ਅਗਸਤ ਤੋਂ ਅਮਰੀਕਾ ਨੂੰ ਭਾਰਤ ਤੋਂ ਨਿਰਯਾਤ ਕੀਤੀਆਂ ਜਾਣ ਵਾਲੀਆਂ ਕੁਝ ਵਸਤੂਆਂ ’ਤੇ 25 ਫੀਸਦੀ ਦਾ ਟੈਕਸ ਲਗਾਉਣ ਦਾ ਪ੍ਰਸਤਾਵ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 27 ਅਗਸਤ ਤੋਂ ਪ੍ਰਭਾਵੀ ਹੋਣ ਵਾਲਾ ਵਾਧੂ 25 ਫੀਸਦੀ ਟੈਕਸ ਵੀ ਲਗਾਉਣ ਦਾ ਐਲਾਨ ਕੀਤਾ ਹੈ। ਇਸ ਨਾਲ ਅਮਰੀਕਾ ਨੂੰ ਭਾਰਤੀ ਵਸਤੂਆਂ ’ਤੇ ਕੁੱਲ ਟੈਕਸ ਹੁਣ 50 ਫੀਸਦੀ ਹੋ ਗਿਆ ਹੈ। -ਪੀਟੀਆਈ