Trump Tariff: ਟਰੰਪ ਨੇ ਰੂਸੀ ਤੇਲ ਖ਼ਰੀਦਣ ਲਈ ਭਾਰਤ 'ਤੇ ਹੋਰ ਟੈਰਿਫ ਨਾ ਲਾਉਣ ਦਾ ਦਿੱਤਾ ਸੰਕੇਤ
ਅਮਰੀਕੀ ਸਦਰ ਡੋਨਲਡ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਰੂਸ ਤੋਂ ਕੱਚਾ ਤੇਲ ਦੀ ਖਰੀਦਣਾ ਜਾਰੀ ਰੱਖਣ ਵਾਲੇ ਮੁਲਕਾਂ ਉਤੇ ਉਨ੍ਹਾਂ ਦਾ ਮੁਲਕ ਹੋਰ ਵਾਧੂ ਟੈਰਿਫ (secondary tariffs) ਨਹੀਂ ਲਗਾ ਸਕਦਾ। ਗ਼ੌਰਤਲਬ ਹੈ ਕਿ ਅਜਿਹਾ ਖਦਸ਼ਾ ਸੀ ਕਿ ਜੇ ਅਮਰੀਕਾ ਵੱਲੋਂ ਵਾਧੂ ਟੈਰਿਫ ਲਾਉਣ ਦਾ ਫ਼ੈਸਲਾ ਕੀਤਾ ਜਾਂਦਾ ਹੈ ਤਾਂ ਇਹ ਭਾਰਤ ਲਈ ਨੁਕਸਾਨਦੇਹ ਹੋ ਸਕਦੇ ਹਨ।
ਟਰੰਪ ਨੇ ਰੂਸੀ ਸਦਰ ਵਲਾਦੀਮੀਰ ਪੂਤਿਨ ਨਾਲ ਬੇਸਿੱਟਾ ਰਹੀ ਗੱਲਬਾਤ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕਿਹਾ, "ਖੈਰ, ਉਸ (ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ) ਨੇ ਇੱਕ ਤੇਲ ਗਾਹਕ ਗੁਆ ਲਿਆ ਹੈ। ਇਸ ਤਰ੍ਹਾਂ ਕਹਿਣ ਲਈ ਜੋ ਕਿ ਭਾਰਤ ਹੈ, ਜੋ ਕਰੀਬ 40 ਫ਼ੀਸਦੀ ਤੇਲ ਖ਼ਰੀਦ ਰਿਹਾ ਸੀ। ਚੀਨ, ਜਿਵੇਂ ਕਿ ਤੁਸੀਂ ਜਾਣਦੇ ਹੋ, ਬਹੁਤ ਕੁਝ ਕਰ ਰਿਹਾ ਹੈ... ਅਤੇ ਜੇ ਮੈਂ ਉਹ ਕੀਤਾ ਜਿਸ ਨੂੰ ਸੈਕੰਡਰੀ ਪਾਬੰਦੀਆਂ ਕਿਹਾ ਜਾਂਦਾ ਹੈ, ਜਾਂ ਸੈਕੰਡਰੀ ਟੈਰਿਫ, ਤਾਂ ਇਹ ਉਨ੍ਹਾਂ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਤਬਾਹਕੁਨ ਹੋਵੇਗਾ। ਜੇ ਮੈਨੂੰ ਅਜਿਹਾ ਕਰਨਾ ਪਵੇ, ਤਾਂ ਮੈਂ ਕਰਾਂਗਾ। ਪਰ ਸ਼ਾਇਦ ਮੈਨੂੰ ਅਜਿਹਾ ਨਹੀਂ ਕਰਨਾ ਪਵੇਗਾ।"
ਅਮਰੀਕੀ ਰਾਸ਼ਟਰਪਤੀ ਨੇ ਪੂਤਿਨ ਨਾਲ ਬਹੁਤ ਹੀ ਅਹਿਮ ਸਿਖਰ ਸੰਮੇਲਨ ਲਈ ਅਲਾਸਕਾ ਜਾਂਦੇ ਸਮੇਂ ਏਅਰ ਫੋਰਸ ਵਨ 'ਤੇ ਫੌਕਸ ਨਿਊਜ਼ ਨਾਲ ਇੱਕ ਇੰਟਰਵਿਊ ਵਿੱਚ ਇਹ ਟਿੱਪਣੀਆਂ ਕੀਤੀਆਂ। ਉਂਝ ਇਹ ਮੀਟਿੰਗ ਰੂਸ-ਯੂਕਰੇਨ ਯੁੱਧ ਨੂੰ ਖਤਮ ਕਰਨ 'ਤੇ ਕਿਸੇ ਸਮਝੌਤੇ ਉਤੇ ਅੱਪੜੇ ਤੋਂ ਬਿਨਾਂ ਖ਼ਤਮ ਹੋ ਗਈ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਅਮਰੀਕੀ ਖਜ਼ਾਨਾ ਮੰਤਰੀ ਸਕਾਟ ਬੇਸੈਂਟ ਨੇ ਕਿਹਾ ਸੀ ਕਿ ਜੇ ਟਰੰਪ ਅਤੇ ਪੂਤਿਨ ਵਿਚਕਾਰ ਸਿਖਰ ਸੰਮੇਲਨ ਵਿੱਚ "ਚੀਜ਼ਾਂ ਠੀਕ ਨਹੀਂ ਹੁੰਦੀਆਂ", ਤਾਂ ਰੂਸੀ ਤੇਲ ਖਰੀਦਣ ਲਈ ਭਾਰਤ 'ਤੇ ਸੈਕੰਡਰੀ ਪਾਬੰਦੀਆਂ ਵਧ ਸਕਦੀਆਂ ਹਨ।