ਟਰੰਪ ਨੇ ਭਾਰਤ-ਪਾਕਿ ਜੰਗ ਰੋਕਣ ਦਾ ਮੁੜ ਕੀਤਾ ਦਾਅਵਾ
ਵਪਾਰ ਅਤੇ ਟੈਰਿਫ ਨੂੰ ਕੂਟਨੀਤਕ ਹਥਿਆਰ ਵਜੋਂ ਵਰਤਿਆ: ਅਮਰੀਕੀ ਰਾਸ਼ਟਰਪਤੀ
Advertisement
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੁੜ ਦਾਅਵਾ ਕੀਤਾ ਹੈ ਕਿ ਉਨ੍ਹਾਂ ਭਾਰਤ ਅਤੇ ਪਾਕਿਸਤਾਨ ’ਤੇ ਭਾਰੀ ਟੈਰਿਫ ਲਗਾਉਣ ਦੀ ਧਮਕੀ ਦੇ ਕੇ ਦੋਵੇਂ ਮੁਲਕਾਂ ਵਿਚਾਲੇ ਤਣਾਅ ਘੱਟ ਕਰਨ ’ਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਦੋਵੇਂ ਪਰਮਾਣੂ ਤਾਕਤਾਂ ਵਾਲੇ ਗੁਆਂਢੀਆਂ ਵਿਚਾਲੇ ਜੰਗ ਰੁਕ ਗਈ ਸੀ। ਟਰੰਪ ਨੇ ਇਹ ਵੀ ਕਿਹਾ ਕਿ ਜੰਗ ਦੌਰਾਨ ਸੱਤ ਜਹਾਜ਼ ਵੀ ਡਿੱਗੇ ਸਨ ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਉਹ ਕਿਹੜੇ ਮੁਲਕਾਂ ਦੇ ਜਹਾਜ਼ਾਂ ਦੀ ਗੱਲ ਕਰ ਰਹੇ ਸਨ। ‘ਫੌਕਸ ਨਿਊਜ਼’ ਨਾਲ ਇੰਟਰਵਿਊ ਦੌਰਾਨ ਟਰੰਪ ਨੇ ਕਿਹਾ ਕਿ ਵਪਾਰ ਅਤੇ ਟੈਰਿਫ ਨੂੰ ਕੂਟਨੀਤਕ ਹਥਿਆਰ ਵਜੋਂ ਵਰਤਣ ਦੀ ਉਨ੍ਹਾਂ ਦੀ ਸਮਰੱਥਾ ਨੇ ਕਈ ਟਕਰਾਅ ਵਾਲੇ ਖੇਤਰਾਂ ’ਚ ਸ਼ਾਂਤੀ ਲਿਆਉਣ ’ਚ ਸਹਾਇਤਾ ਕੀਤੀ ਹੈ। ਉਨ੍ਹਾਂ ਕਿਹਾ, ‘‘ਟੈਰਿਫ ਸ਼ਾਂਤੀ ਦਾ ਸ਼ਾਨਦਾਰ ਰਾਹ ਦਿਖਾਉਂਦੇ ਹਨ ਅਤੇ ਲੱਖਾਂ ਲੋਕਾਂ ਦੀ ਜਾਨ ਬਚਾਉਂਦੇ ਹਨ।’’ ਅਮਰੀਕੀ ਰਾਸ਼ਟਰਪਤੀ ਨੇ ਅਜਿਹੇ ਸੱਤ ਸ਼ਾਂਤੀ ਸਮਝੌਤੇ ਕਰਾਉਣ ਦਾ ਦਾਅਵਾ ਕੀਤਾ ਹੈ ਜਿਥੇ ਕਈ ਮੁਲਕ ਸੈਂਕੜੇ ਵਰ੍ਹਿਆਂ ਤੋਂ ਲੜ ਰਹੇ ਸਨ ਅਤੇ ਲੱਖਾਂ ਲੋਕ ਮਾਰੇ ਜਾ ਰਹੇ ਸਨ। ਉਨ੍ਹਾਂ ਕਿਹਾ, ‘‘ਸੱਤ ’ਚੋਂ ਪੰਜ ਜੰਗਾਂ ਵਪਾਰ ਕਾਰਨ ਰੁਕੀਆਂ। ਅਸੀਂ ਉਨ੍ਹਾਂ ਨੂੰ ਕਿਹਾ ਕਿ ਅਮਰੀਕਾ ਤੁਹਾਡੇ ਨਾਲ ਵਪਾਰ ਨਹੀਂ ਕਰੇਗਾ ਅਤੇ ਤੁਹਾਡੇ ’ਤੇ ਟੈਰਿਫ ਲਗਾਵਾਂਗੇ।’’ ਉਨ੍ਹਾਂ ਕਿਹਾ ਕਿ ਇਜ਼ਰਾਈਲ ਅਤੇ ਹਮਾਸ ਵਿਚਾਲੇ ਸਮਝੌਤੇ ਨਾਲ ਮੁਸਲਮਾਨਾਂ, ਅਰਬ ਮੁਲਕਾਂ ਅਤੇ ਖਾਸ ਕਰਕੇ ਅਮਰੀਕਾ ਨੂੰ ਵੱਡੀ ਰਾਹਤ ਮਿਲੇਗੀ।
Advertisement
Advertisement