‘ਟਰੰਪ ਮਿਜ਼ਾਈਲ’ 24ਵੀਂ ਵਾਰ ਦਾਗ਼ੀ ਗਈ, ਪ੍ਰਧਾਨ ਮੰਤਰੀ ਨੂੰ ਸੰਸਦ ਵਿਚ ਬਿਆਨ ਦੇਣਾ ਚਾਹੀਦੈ: ਕਾਂਗਰਸ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ-ਪਾਕਿ ਜੰਗ ਰੋਕਣ ਲਈ ਵਿਚੋਲਗੀ ਸਬੰਧੀ ਦਾਅਵਾ ਮੁੜ ਕੀਤੇ ਜਾਣ ’ਤੇ ਕਾਂਗਰਸ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੁਣ ਇਸ ਬਾਰੇ ਸੰਸਦ ਦੇ ਅੰਦਰ ਸਪਸ਼ਟ ਜਵਾਬ ਦੇਣਾ ਚਾਹੀਦਾ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਮੰਗ ਟਰੰਪ ਦੇ ਇਕ ਨਵੇਂ ਬਿਆਨ ਮਗਰੋਂ ਕੀਤੀ ਹੈ।
ਖ਼ਬਰਾਂ ਅਨੁਸਾਰ ਟਰੰਪ ਨੇ ਕਿਹਾ, ‘‘ਅਸੀਂ ਬਹੁਤ ਸਾਰੀਆਂ ਜੰਗਾਂ ਰੋਕੀਆਂ ਹਨ। ਭਾਰਤ ਤੇ ਪਾਕਿਸਤਾਨ ਦਰਮਿਆਨ ਜੋ ਹੋ ਰਿਹਾ ਸੀ ਉਹ ਗੰਭੀਰ ਸੀ। ਜਹਾਜ਼ ਹਵਾ ਵਿਚ ਫੁੰਡੇ ਜਾ ਰਹੇ ਸੀ। ਮੇਰਾ ਮੰਨਣਾ ਹੈ ਕਿ ਪੰਜ ਲੜਾਕੂ ਜਹਾਜ਼ਾਂ ਨੂੰ ਅਸਲ ਵਿਚ ਡੇਗਿਆ ਗਿਆ ਸੀ।’’ ਅਮਰੀਕੀ ਸਦਰ ਨੇ ਇਹ ਵੀ ਕਿਹਾ, ‘‘ਭਾਰਤ ਤੇ ਪਾਕਿਸਤਾਨ ਆਹਮੋ-ਸਾਹਮਣੇ ਸੀ ਤੇ ਇਹ ਟਕਰਾਅ ਵਧਦਾ ਜਾ ਰਿਹਾ ਸੀ, ਅਸੀਂ ਇਸ ਨੂੰ ਵਪਾਰ ਜ਼ਰੀਏ ਹੱਲ ਕੀਤਾ। ਅਸੀਂ ਕਿਹਾ, ਕੀ ਤੁਸੀਂ ਲੋਕ ਵਪਾਰ ਸਮਝੌਤਾ ਕਰਨਾ ਚਾਹੁੰਦੇ ਹੋ? ਜੇਕਰ ਤੁਸੀਂ ਹਥਿਆਰਾਂ ਤੇ ਸ਼ਾਇਦ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਕਰ ਰਹੇ ਹੋ ਤਾਂ ਅਸੀਂ ਵਪਾਰ ਸਮਝੌਤਾ ਨਹੀਂ ਕਰਾਂਗੇ। ਦੋਵੇਂ ਬਹੁਤ ਤਾਕਤਵਰ ਪਰਮਾਣੂ ਮੁਲਕ ਹਨ।’’
ਕਾਂਗਰਸ ਆਗੂ ਰਮੇਸ਼ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਸੰਸਦ ਦੇ ਮੌਨਸੂਨ ਇਜਲਾਸ ਤੋਂ ਠੀਕ ਦੋ ਦਿਨ ਪਹਿਲਾਂ ‘ਟਰੰਪ ਮਿਜ਼ਾਈਲ’ 24ਵੀਂ ਵਾਰ ਦਾਗ਼ੀ ਗਈ ਹੈ ਤੇ ਇਸ ਵਿਚ ਉਹੀ ਦੋ ਸੁਨੇਹੇ ਹਨ। ਰਮੇਸ਼ ਨੇ ਕਿਹਾ ਕਿ ਟਰੰਪ ਨੇ ਮੁੜ ਕਿਹਾ ਕਿ ਅਮਰੀਕਾ ਨੇ ਭਾਰਤ ਤੇ ਪਾਕਿਸਤਾਨ ਦਰਮਿਆਨ ਜੰਗ ਰੋਕੀ। ਰਮੇਸ਼ ਮੁਤਾਬਕ ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਦੁਹਰਾਇਆ ਕਿ ਉਨ੍ਹਾਂ ਵੱਲੋਂ ਕਿਹਾ ਗਿਆ ਸੀ ਕਿ ਜੇਕਰ ‘ਜੰਗ ਜਾਰੀ ਰਹਿੰਦੀ ਹੈ ਤਾਂ ਕੋਈ ਵਪਾਰ ਸਮਝੌਤਾ ਨਹੀਂ ਹੋਵੇਗਾ।’’ ਰਮੇਸ਼ ਨੇ ਦੱਸਿਆ ਕਿ ਟਰੰਪ ਨੇ ਕਿਹਾ ਕਿ ਜੇਕਰ ਭਾਰਤ ਤੇ ਪਾਕਿਸਤਾਨ ਅਮਰੀਕਾ ਨਾਲ ਵਪਾਰ ਸਮਝੌਤਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਫੌਰੀ ਜੰਗਬੰਦੀ ਲਈ ਸਹਿਮਤ ਹੋਣਾ ਪਏਗਾ।
ਰਮੇਸ਼ ਨੇ ਕਿਹਾ, ‘‘ਰਾਸ਼ਟਰਪਤੀ ਟਰੰਪ ਨੇ ਐਤਕੀਂ ਨਵਾਂ ਸਨਸਨੀਖੇਜ਼ ਖੁਲਾਸਾ ਕੀਤਾ ਹੈ ਕਿ ਪੰਜ ਲੜਾਕੂ ਜਹਾਜ਼ਾਂ ਨੂੰ ਡੇਗਿਆ ਗਿਆ।’’ ਕਾਂਗਰਸ ਆਗੂ ਨੇ ਤਨਜ਼ ਕੱਸਦਿਆਂ ਕਿਹਾ, ‘‘ਪ੍ਰਧਾਨ ਮੰਤਰੀ ਜਿਨ੍ਹਾਂ ਦੀ ਰਾਸ਼ਟਰਪਤੀ ਟਰੰਪ ਨਾਲ ਸਾਲਾਂ ਦੀ ਦੋਸਤੀ ਤੇ ਹਗਲੋਮੇਸੀ (ਗਲੇ ਮਿਲਣ ਦੀ ਕੂਟਨੀਤੀ) ਰਹੀ ਹੈ, ਜੋ ‘ਹਾਓਡੀ ਮੋਡੀ’ (ਸਤੰਬਰ 2019) ਤੇ ‘ਨਮਸਤੇ ਟਰੰਪ’ (ਫਰਵਰੀ 2020) ਤੋਂ ਚੱਲੀ ਆ ਰਹੀ ਹੈ, ਉਨ੍ਹਾਂ ਨੂੰ ਹੁਣ ਖ਼ੁਦ ਸੰਸਦ ਵਿਚ ਰਾਸ਼ਟਰਪਤੀ ਟਰੰਪ ਦੇ ਪਿਛਲੇ 70 ਦਿਨਾਂ ਦੇ ਦਾਅਵਿਆਂ ਬਾਰੇ ਸਪਸ਼ਟ ਤੇ ਠੋਸ ਬਿਆਨ ਦੇਣਾ ਚਾਹੀਦਾ ਹੈ।’’ ਅਮਰੀਕੀ ਰਾਸ਼ਟਰਪਤੀ ਟਰੰਪ ਕਈ ਵਾਰ ਦਾਅਵਾ ਕਰ ਚੁੱਕੇ ਹਨ ਕਿ ਉਨ੍ਹਾਂ ਨੇ ਮਈ ਵਿੱਚ ਇੱਕ ਵਪਾਰ ਸਮਝੌਤੇ ਰਾਹੀਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਫੌਜੀ ਟਕਰਾਅ ਰੋਕ ਦਿੱਤਾ ਸੀ। ਦੂਜੇ ਪਾਸੇ, ਭਾਰਤ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨ (ਡੀਜੀਐਮਓ) ਨਾਲ ਸੰਪਰਕ ਕਰਨ ਤੋਂ ਬਾਅਦ ਫੌਜੀ ਕਾਰਵਾਈ ਨੂੰ ਰੋਕਣ ’ਤੇ ਵਿਚਾਰ ਕੀਤਾ ਗਿਆ ਸੀ।