ਟਰੰਪ ਨੇ ਚੀਨੀ ਵਸਤਾਂ ’ਤੇ 100 ਫ਼ੀਸਦ ਵਾਧੂ ਟੈਰਿਫ ਲਗਾਇਆ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੀਨੀ ਵਸਤਾਂ ’ਤੇ 100 ਫ਼ੀਸਦ ਵਾਧੂ ਟੈਰਿਫ ਲਗਾਉਣ ਅਤੇ ਤਕਨਾਲੋਜੀ ਬਰਾਮਦਗੀ ਦੀ ਹੱਦ ਤੈਅ ਕਰਨ ਦਾ ਐਲਾਨ ਕੀਤਾ ਹੈ। ਇਹ ਵਾਧੂ ਟੈਰਿਫ ਪਹਿਲੀ ਨਵੰਬਰ ਜਾਂ ਉਸ ਤੋਂ ਪਹਿਲਾਂ ਲਾਗੂ ਹੋ ਸਕਦੇ ਹਨ। ਇਸ ਨਾਲ ਚੀਨ ’ਤੇ ਟੈਰਿਫ ਵੱਧ ਕੇ 130 ਫ਼ੀਸਦ ਹੋ ਜਾਣਗੇ। ਟਰੰਪ ਦੇ ਇਸ ਨਵੇਂ ਐਲਾਨ ਨਾਲ ਆਲਮੀ ਵਪਾਰ ਜੰਗ ਮੁੜ ਛਿੜਨ ਦਾ ਖ਼ਦਸ਼ਾ ਹੈ। ਚੀਨ ਵੱਲੋਂ ਦੁਰਲੱਭ ਖਣਿਜਾਂ ਦੀ ਬਰਾਮਦਗੀ ’ਤੇ ਪਾਬੰਦੀ ਲਗਾਏ ਜਾਣ ’ਤੇ ਟਰੰਪ ਨੇ ਨਾਰਾਜ਼ਗੀ ਜਤਾਈ ਅਤੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਦੱਖਣੀ ਕੋਰੀਆ ਦੇ ਅਗਾਊਂ ਦੌਰੇ ਦੌਰਾਨ ਚੀਨੀ ਆਗੂ ਸ਼ੀ ਜਿਨਪਿੰਗ ਨਾਲ ਮਿਲਣ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ ਹੈ। ਉਂਝ ਬਾਅਦ ’ਚ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਮੀਟਿੰਗ ਰੱਦ ਨਹੀਂ ਕੀਤੀ ਹੈ। ਸੋਸ਼ਲ ਮੀਡੀਆ ’ਤੇ ਟਰੰਪ ਨੇ ਚੀਨ ਵੱਲੋਂ ਕੁਝ ਵਸਤਾਂ ’ਤੇ ਬਰਾਮਦਗੀ ਸਬੰਧੀ ਲਾਈਆਂ ਗਈਆਂ ਪਾਬੰਦੀਆਂ ਨੂੰ ਹੈਰਾਨੀਜਨਕ ਦੱਸਿਆ। ਉਨ੍ਹਾਂ ਕਿਹਾ ਕਿ ਚੀਨ ‘ਹਮਲਾਵਰ’ ਹੁੰਦਾ ਜਾ ਰਿਹਾ ਹੈ ਅਤੇ ਇਲੈਕਟ੍ਰਾਨਿਕਸ, ਕੰਪਿਊਟਰ ਚਿਪਸ, ਲੇਜ਼ਰ, ਜੈੱਟ ਇੰਜਣ ਅਤੇ ਹੋਰ ਤਕਨੀਕਾਂ ’ਚ ਵਰਤੀਆਂ ਜਾਣ ਵਾਲੀਆਂ ਧਾਤਾਂ ਤੇ ਚੁੰਬਕ ਤੱਕ ਪਹੁੰਚ ’ਤੇ ਪਾਬੰਦੀ ਲਗਾ ਕੇ ਦੁਨੀਆ ’ਤੇ ‘ਕੰਟਰੋਲ’ ਕਰਨਾ ਚਾਹੁੰਦਾ ਹੈ। ਰਾਸ਼ਟਰਪਤੀ ਮੁਤਾਬਕ ਚੀਨ ਦੀ ਇਸ ਕਾਰਵਾਈ ਨੇ ਅਮਰੀਕਾ ਨੂੰ ਮਜਬੂਰ ਕੀਤਾ ਹੈ ਕਿ ਉਹ ਸਖ਼ਤ ਉਪਰਾਲੇ ਕਰੇ ਅਤੇ ਅਹਿਮ ਸਾਫਟਵੇਅਰ ਅਤੇ ਵਾਧੂ ਟੈਰਿਫ ਦਾ ਐਲਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਸਿਰਫ਼ ਅਮਰੀਕੀ ਹਿੱਤਾਂ ਲਈ ਹੈ। ਦੁਨੀਆ ਦੇ ਦੋ ਸਭ ਤੋਂ ਵੱਡੇ ਅਰਥਚਾਰਿਆਂ ਵਿਚਾਲੇ ਵੱਧ ਰਹੇ ਤਣਾਅ ਦਰਮਿਆਨ ਐੱਸ ਐਂਡ ਪੀ 500 2.7 ਫ਼ੀਸਦ ਡਿੱਗ ਗਿਆ। ਇਹ ਅਪਰੈਲ ਤੋਂ ਬਾਅਦ ਸ਼ੇਅਰ ਬਾਜ਼ਾਰ ’ਚ ਸਭ ਤੋਂ ਵੱਡੀ ਗਿਰਾਵਟ ਹੈ ਜਦੋਂ ਰਾਸ਼ਟਰਪਤੀ ਨੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ।