ਟਰੰਪ ਵੱਲੋਂ ਮਮਦਾਨੀ ਦਾ ਵ੍ਹਾਈਟ ਹਾਊਸ ਵਿੱਚ ਨਿੱਘਾ ਸਵਾਗਤ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਿਊਯਾਰਕ ਸਿਟੀ ਦੇ ਮੇਅਰ-ਚੁਣੇ ਗਏ ਜ਼ੋਹਰਾਨ ਮਮਦਾਨੀ ਨਾਲ ਵ੍ਹਾਈਟ ਹਾਊਸ ਵਿੱਚ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਟਰੰਪ ਨੇ ਮਮਦਾਨੀ ਦਾ ਨਿੱਘਾ ਸਵਾਗਤ ਕੀਤਾ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਉਹ ਬਹੁਤ ਵਧੀਆ ਕੰਮ ਕਰ ਸਕਦੇ ਹਨ।
ਮਮਦਾਨੀ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਵਿੱਚ ਟਰੰਪ ਨਾਲ ਆਪਣੀ ਪਹਿਲੀ ਮੁਲਾਕਾਤ ਲਈ ਵਾਸ਼ਿੰਗਟਨ ਡੀਸੀ ਲਈ ਰਵਾਨਾ ਹੋਏ। ਲੰਮੇ ਸਮੇਂ ਦੀ ਕੌੜੀ ਬਿਆਨਬਾਜ਼ੀ ਤੋਂ ਬਾਅਦ ਦੋਵਾਂ ਨੇਤਾਵਾਂ ਨੇ ਮੀਟਿੰਗ ਦੌਰਾਨ ਇੱਕ ਆਪਸੀ ਗਰਮਜੋਸ਼ੀ ਵਾਲਾ ਸੁਰ ਅਪਣਾਇਆ।
ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਇਸ ਸ਼ਾਨਦਾਰ ਮੁਲਾਕਾਤ ਦਾ ਅਨੰਦ ਮਾਣਿਆ ਹੈ। ਉਨ੍ਹਾਂ ਕਿਹਾ, "ਸਾਡੀ ਹੁਣੇ ਇੱਕ ਵਧੀਆ ਮੁਲਾਕਾਤ ਹੋਈ ਹੈ, ਇੱਕ ਸੱਚਮੁੱਚ ਚੰਗੀ, ਬਹੁਤ ਲਾਭਕਾਰੀ ਮੁਲਾਕਾਤ। ਸਾਡੇ ਵਿੱਚ ਇੱਕ ਗੱਲ ਸਾਂਝੀ ਹੈ, ਅਸੀਂ ਚਾਹੁੰਦੇ ਹਾਂ ਕਿ ਸਾਡਾ ਇਹ ਸ਼ਹਿਰ ਜਿਸ ਨੂੰ ਅਸੀਂ ਬਹੁਤ ਵਧੀਆ ਢੰਗ ਨਾਲ ਬਣਾਉਣਾ ਪਸੰਦ ਕਰਦੇ ਹਾਂ।"
ਜਦੋਂ ਟਰੰਪ ਤੋਂ ਪੁੱਛਿਆ ਗਿਆ ਕਿ ਕੀ ਉਹ ਮਮਦਾਨੀ ਦੇ ਪ੍ਰਸ਼ਾਸਨ ਅਧੀਨ ਨਿਊਯਾਰਕ ਸਿਟੀ ਵਿੱਚ ਰਹਿਣ ਵਿੱਚ ਆਰਾਮਦਾਇਕ ਮਹਿਸੂਸ ਕਰਨਗੇ, ਤਾਂ ਉਨ੍ਹਾਂ ਨੇ ਜ਼ੋਰ ਦੇ ਕੇ ਜਵਾਬ ਦਿੱਤਾ, "ਹਾਂ, ਮੈਂ ਕਰਾਂਗਾ, ਖਾਸ ਕਰਕੇ ਇਸ ਮੀਟਿੰਗ ਤੋਂ ਬਾਅਦ। ਜਿੰਨਾ ਸੋਚਿਆ ਸੀ, ਉਹ ਉਸ ਤੋਂ ਕਿਤੇ ਜ਼ਿਆਦਾ ਗੱਲਾਂ ’ਤੇ ਸਹਿਮਤ ਹੋਏ ਹਨ।’’
ਇਸ ਦੌਰਾਨ ਮਮਦਾਨੀ ਨੇ ਵੀ ਟਰੰਪ ਨਾਲ ਆਪਣੀ ਗੱਲਬਾਤ ਨੂੰ ਲਾਹੇਵੰਦ ਦੱਸਿਆ ਅਤੇ ਸਮੇਂ ਦੀ ਕਦਰ ਕੀਤੀ। ਉਨ੍ਹਾਂ ਕਿਹਾ ਕਿ ਮੀਟਿੰਗ ਇੱਕ ਸਾਂਝੀ ਪ੍ਰਸ਼ੰਸਾ ਅਤੇ ਸਹਿਯੋਗ 'ਤੇ ਕੇਂਦਰਿਤ ਸੀ। ਮਮਦਾਨੀ ਨੇ ਕਿਹਾ ਮੀਟਿੰਗ ਦਾ ਮੁੱਖ ਕੇਂਦਰ ਨਿਊਯਾਰਕ ਵਾਸੀਆਂ ਲਈ ਕਿਫਾਇਤੀ ਜੀਵਨ (Affordability) ਪ੍ਰਦਾਨ ਕਰਨ ਦੀ ਲੋੜ 'ਤੇ ਸੀ। ਉਨ੍ਹਾਂ ਦੱਸਿਆ ਕਿ ਨਿਊਯਾਰਕ ਦੇ 8.5 ਮਿਲੀਅਨ ਲੋਕ, ਜੋ ਅਮਰੀਕਾ ਦੇ ਸਭ ਤੋਂ ਮਹਿੰਗੇ ਸ਼ਹਿਰ ਵਿੱਚ ਰਹਿੰਦੇ ਹਨ, ਜੀਵਨ ਬਸਰ ਕਰਨ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦਾ ਹਰ ਚੌਥਾ ਵਿਅਕਤੀ ਗਰੀਬੀ ਵਿੱਚ ਰਹਿ ਰਿਹਾ ਹੈ। ਇਸ ਮੀਟਿੰਗ ਵਿੱਚ ਕਿਰਾਏ, ਕਰਿਆਨੇ, ਉਪਯੋਗਤਾਵਾਂ, ਰਹਿਣ-ਸਹਿਣ ਦੇ ਖਰਚੇ ਦੇ ਸੰਕਟ ਅਤੇ ਹਾਊਸਿੰਗ ਜਿਹੇ ਮੁੱਦਿਆਂ 'ਤੇ ਚਰਚਾ ਕੀਤੀ ਗਈ।
ਟਰੰਪ ਨੇ ਪੁਸ਼ਟੀ ਕੀਤੀ ਕਿ ਉਹ ਕਈ ਮੁੱਦਿਆਂ 'ਤੇ ਸਹਿਮਤ ਹਨ। ਉਨ੍ਹਾਂ ਕਿਹਾ, ‘‘ਉਹ ਕੋਈ ਅਪਰਾਧ ਨਹੀਂ ਦੇਖਣਾ ਚਾਹੁੰਦੇ। ਉਹ ਹਾਊਸਿੰਗ ਬਣਾਉਂਦੇ ਦੇਖਣਾ ਚਾਹੁੰਦੇ ਹਨ। ਉਹ ਕਿਰਾਏ ਘਟਦੇ ਦੇਖਣਾ ਚਾਹੁੰਦਾ ਹੈ, ਇਹ ਸਾਰੀਆਂ ਗੱਲਾਂ ਜਿਨ੍ਹਾਂ ਨਾਲ ਮੈਂ ਸਹਿਮਤ ਹਾਂ"।
ਵਿਵਾਦਤ ਬਿਆਨਬਾਜ਼ੀ ਤੋਂ ਬਾਅਦ ਸਹਿਯੋਗ ਵਾਲੀ ਮਿਲਣੀ
ਇਹ ਆਪਸੀ ਦੋਸਤਾਨਾ ਅਤੇ ਗਰਮਜੋਸ਼ੀ ਵਾਲਾ ਸੁਰ ਉਨ੍ਹਾਂ ਦੀ ਪੁਰਾਣੀ ਬਿਆਨਬਾਜ਼ੀ ਦੇ ਬਿਲਕੁਲ ਉਲਟ ਸੀ। ਚੋਣ ਪ੍ਰਚਾਰ ਦੌਰਾਨ ਟਰੰਪ ਨੇ ਮਮਦਾਨੀ ਦੀਆਂ ਨੀਤੀਆਂ ਦੀ ਆਲੋਚਨਾ ਕਰਦਿਆਂ ਉਨ੍ਹਾਂ ਨੂੰ ਕਮਿਊਨਿਸਟ ਕਿਹਾ ਸੀ ਅਤੇ ਚੇਤਾਵਨੀ ਦਿੱਤੀ ਸੀ ਕਿ ਉਨ੍ਹਾਂ ਦੀ ਜਿੱਤ ਨਿਊਯਾਰਕ ਸਿਟੀ ਲਈ ਇੱਕ ਸੰਪੂਰਨ ਅਤੇ ਪੂਰੀ ਆਰਥਿਕ ਅਤੇ ਸਮਾਜਿਕ ਤਬਾਹੀ ਹੋਵੇਗੀ। ਦੂਜੇ ਪਾਸੇ ਮਮਦਾਨੀ ਨੇ ਆਪਣੀ ਜਿੱਤ ਦੀ ਸਪੀਚ ਵਿੱਚ ਟਰੰਪ ਨੂੰ ਤਾਨਾਸ਼ਾਹ (despot) ਕਿਹਾ ਸੀ।
ਇਸ ਵਿਵਾਦ ਬਾਰੇ ਪੁੱਛੇ ਜਾਣ ’ਤੇ ਟਰੰਪ ਨੇ ਹੱਸਦਿਆਂ ਕਿਹਾ ਕਿ ਉਸ ਨੂੰ ਇਸ ਤੋਂ ਵੀ ਬੁਰਾ ਕਿਹਾ ਗਿਆ ਹੈ, "ਇਸ ਲਈ ਇਹ ਇੰਨਾ ਅਪਮਾਨਜਨਕ ਨਹੀਂ ਹੈ"। ਉਨ੍ਹਾਂ ਕਿਹਾ ਕਿ ਮਮਦਾਨੀ ਦੇ ਕੁਝ ਵਿਚਾਰ ਹਨ ਜੋ ਥੋੜ੍ਹੇ ਬਾਹਰਲੇ ਹਨ, ਪਰ ਉਹ ਸਮੇਂ ਦੇ ਨਾਲ ਬਦਲ ਸਕਦੇ ਹਨ।
