ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟਰੰਪ ਵੱਲੋਂ ਐੱਚ1ਬੀ ਵੀਜ਼ਾ ਫੀਸ ਇੱਕ ਲੱਖ ਡਾਲਰ ਵਸੂਲਣ ਦਾ ਫ਼ੈਸਲਾ

ਭਾਰਤੀ ਪੇਸ਼ੇਵਰ ਕਾਮੇ ਹੋਣਗੇ ਪ੍ਰਭਾਵਿਤ; ਟਰੰਪ ਨੇ ਐੱਚ1ਬੀ ਪ੍ਰੋਗਰਾਮ ਦੀ ਦੁਰਵਰਤੋਂ ਨੂੰ ਕੌਮੀ ਸੁਰੱਖਿਆ ਲਈ ਖਤਰਾ ਦੱਸਿਆ
ਅਮਰੀਕੀ ਰਾਸ਼ਟਰਪਤੀ ਐੱਚ1ਬੀ ਵੀਜ਼ਾ ਸਬੰਧੀ ਫਾਈਲ ਦਿਖਾਉਂਦੇ ਹੋਏ। -ਫੋਟੋ: ਰਾਇਟਰਜ਼
Advertisement

ਅਮਰੀਕਾ ਵੱਲੋਂ ਐੱਚ1ਬੀ ਵੀਜ਼ਾ ’ਤੇ ਫੀਸ ਵਧਾ ਕੇ ਇੱਕ ਲੱਖ ਡਾਲਰ ਕਰ ਦਿੱਤੀ ਗਈ ਹੈ ਜਿਸ ਨਾਲ ਭਾਰਤੀ ਪੇਸ਼ੇਵਰ ਕਾਮਿਆਂ ਦੇ ਸਭ ਤੋਂ ਵੱਧ ਪ੍ਰਭਾਵਿਤ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੀਤੇ ਦਿਨ ਇਸ ਸਬੰਧੀ ਹੁਕਮ ’ਤੇ ਦਸਤਖ਼ਤ ਕਰਦਿਆਂ ਕਿਹਾ ਕਿ ਐੱਚ1ਬੀ ਵੀਜ਼ਾ ਪ੍ਰੋਗਰਾਮ ਦੀ ਦੁਰਵਰਤੋਂ ਕੌਮੀ ਸੁਰੱਖਿਆ ਲਈ ਖਤਰਾ ਹੈ। ਇਸ ਫ਼ੈਸਲੇ ਤਹਿਤ 21 ਸਤੰਬਰ ਤੋਂ ਉਨ੍ਹਾਂ ਕਾਮਿਆਂ ਦੇ ਅਮਰੀਕਾ ਅੰਦਰ ਦਾਖਲ ਹੋਣ ’ਤੇ ਰੋਕ ਲਾਈ ਜਾਵੇਗੀ ਜਿਨ੍ਹਾਂ ਦੀ ਐੱਚ1ਬੀ ਵੀਜ਼ਾ ਅਰਜ਼ੀ ਨਾਲ ਇੱਕ ਲੱਖ ਅਮਰੀਕੀ ਡਾਲਰ ਦਾ ਭੁਗਤਾਨ ਨਹੀਂ ਕੀਤਾ ਗਿਆ ਹੋਵੇਗਾ।

ਟਰੰਪ ਪ੍ਰਸ਼ਾਸਨ ਦੇ ਇਸ ਕਦਮ ਨਾਲ ਅਮਰੀਕਾ ’ਚ ਕੰਮ ਕਰਦੇ ਉਨ੍ਹਾਂ ਭਾਰਤੀ ਕਰਮਚਾਰੀਆਂ ’ਤੇ ਡੂੰਘਾ ਅਸਰ ਪਵੇਗਾ ਜਿਨ੍ਹਾਂ ਨੂੰ ਤਕਨੀਕੀ ਖੇਤਰ ਦੀਆਂ ਕੰਪਨੀਆਂ ਤੇ ਹੋਰ ਕੰਪਨੀਆਂ ਐੱਚ1ਬੀ ਵੀਜ਼ਾ ’ਤੇ ਨਿਯੁਕਤ ਕਰਦੀਆਂ ਹਨ। ਇਹ ਵੀਜ਼ਾ ਤਿੰਨ ਸਾਲ ਲਈ ਵੈਧ ਹੁੰਦਾ ਹੈ ਅਤੇ ਇਨ੍ਹਾਂ ਨੂੰ ਅਗਲੇ ਤਿੰਨ ਸਾਲ ਲਈ ਨਵਿਆਇਆ ਜਾ ਸਕਦਾ ਹੈ। ਕੁਝ ਅਮਰੀਕੀ ਸੰਸਦ ਮੈਂਬਰਾਂ ਤੇ ਹੋਰ ਆਗੂਆਂ ਨੇ ਇਸ ਕਦਮ ਨੂੰ ‘ਲਾਪ੍ਰਵਾਹੀ ਵਾਲਾ’ ਅਤੇ ‘ਮੰਦਭਾਗਾ’ ਦੱਸਿਆ ਹੈ। ਕਾਂਗਰਸ ਮੈਂਬਰ ਰਾਜਾ ਕ੍ਰਿਸ਼ਨਮੂਰਤੀ ਨੇ ਐੱਚ1ਬੀ ਵੀਜ਼ਾ ਫੀਸ ’ਚ ਵਾਧੇ ਦੇ ਫ਼ੈਸਲੇ ਨੂੰ ‘ਅਮਰੀਕਾ ਨੂੰ ਉਨ੍ਹਾਂ ਉੱਚ ਹੁਨਰਮੰਦ ਕਾਮਿਆਂ ਤੋਂ ਵੱਖ ਕਰਨ ਦੀ ਲਾਪ੍ਰਵਾਹੀ ਭਰੀ ਕੋਸ਼ਿਸ਼’ ਦੱਸਿਆ ਜਿਨ੍ਹਾਂ ਲੰਮੇ ਸਮੇਂ ਤੋਂ ਅਮਰੀਕੀ ਕਾਰਜ ਬਲ ਨੂੰ ਮਜ਼ਬੂਤ ਕੀਤਾ ਤੇ ਲੱਖਾਂ ਅਮਰੀਕੀਆਂ ਨੂੰ ਰੁਜ਼ਗਾਰ ਦੇਣ ਵਾਲੇ ਉਦਯੋਗਾਂ ਦੇ ਨਿਰਮਾਣ ’ਚ ਮਦਦ ਕੀਤੀ ਹੈ।’ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਦੇ ਸਾਬਕਾ ਸਲਾਹਕਾਰ ਤੇ ਇਮੀਗਰੇਸ਼ਨ ਨੀਤੀ ਬਾਰੇ ਏਸ਼ਿਆਈ-ਅਮਰੀਕੀ ਭਾਈਚਾਰੇ ਦੇ ਨੇਤਾ ਅਜੈ ਭੂਟੋਰੀਆ ਨੇ ਐੱਚ1ਬੀ ਵੀਜ਼ਾ ਫੀਸ ’ਤੇ ਟਰੰਪ ਦੇ ਫ਼ੈਸਲੇ ਨਾਲ ਅਮਰੀਕੀ ਤਕਨੀਕੀ ਖੇਤਰ ’ਚ ਮੁਕਾਬਲਾ ਵਧਣ ਦੇ ਸੰਭਾਵੀ ਸੰਕਟ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ, ‘ਐੱਚ1ਬੀ ਪ੍ਰੋਗਰਾਮ ਮੌਜੂਦਾ 2000-5000 ਡਾਲਰ ਦੀ ਕੁੱਲ ਫੀਸ ’ਚ ਇਸ ਭਾਰੀ ਵਾਧੇ ਨਾਲ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਜਿਸ ਨਾਲ ਵੱਖ ਵੱਖ ਹੁਨਰਮੰਦਾਂ ’ਤੇ ਨਿਰਭਰ ਛੋਟੇ ਕਾਰੋਬਾਰਾਂ ਤੇ ਸਟਾਰਟਅੱਪਜ਼ ਨੂੰ ਭਾਰੀ ਨੁਕਸਾਨ ਹੋਵੇਗਾ।’

Advertisement

ਦੂਜੇ ਪਾਸੇ ਟਰੰਪ ਨੇ ਕਿਹਾ, ‘ਐੱਚ1ਬੀ ਵੀਜ਼ਾ ਗ਼ੈਰ-ਪਰਵਾਸੀ ਵੀਜ਼ਾ ਪ੍ਰੋਗਰਾਮ ਆਰਜ਼ੀ ਕਾਮਿਆਂ ਨੂੰ ਅਮਰੀਕਾ ਲਿਆਉਣ ਲਈ ਬਣਾਇਆ ਗਿਆ ਸੀ ਤਾਂ ਜੋ ਉਹ ਵਧੇਰੇ ਤੇ ਚੰਗਾ ਕੰਮ ਕਰ ਸਕਣ। ਪਰ ਅਮਰੀਕੀ ਕਾਮਿਆਂ ਦੀ ਥਾਂ ਸਸਤੇ ਤੇ ਘੱਟ ਸਿਖਲਾਈਯਾਫ਼ਤਾ ਕਾਮਿਆਂ ਨੂੰ ਲਿਆ ਕੇ ਵੀਜ਼ਾ ਪ੍ਰੋਗਰਾਮ ਦੀ ਦੁਰਵਰਤੋਂ ਕੀਤੀ ਗਈ ਹੈ।’ ਉਨ੍ਹਾਂ ਕਿਹਾ ਕਿ ਐੱਚ1ਬੀ ਵੀਜ਼ਾ ਦੀ ਦੁਰਵਰਤੋਂ ਕੌਮੀ ਸੁਰੱਖਿਆ ਲਈ ਖਤਰਾ ਹੈ। ਟਰੰਪ ਨੇ ਹੁਕਮ ਦਿੱਤਾ ਕਿ 21 ਸਤੰਬਰ 2025 ਤੋਂ ਉਨ੍ਹਾਂ ਅਰਜ਼ੀਕਾਰਾਂ ’ਤੇ ਰੋਕ ਲਾਈ ਜਾਵੇਗੀ ਜਿਨ੍ਹਾਂ ਇੱਕ ਲੱਖ ਡਾਲਰ ਦਾ ਭੁਗਤਾਨ ਨਹੀਂ ਕੀਤਾ ਹੋਵੇਗਾ।

ਉੱਧਰ ਇਮੀਗਰੇਸ਼ਨ ਮਾਮਲਿਆਂ ਦੇ ਵਕੀਲਾਂ ਤੇ ਕੰਪਨੀਆਂ ਵੱਲੋਂ ਉਨ੍ਹਾਂ ਐੱਚ1ਬੀ ਵੀਜ਼ਾਧਾਰਕਾਂ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਖਤਰੇ ਪ੍ਰਤੀ ਚੌਕਸ ਕੀਤਾ ਜਾ ਰਿਹਾ ਹੈ ਜੋ ਫਿਲਹਾਲ ਕੰਮ ਜਾਂ ਛੁੱਟੀ ਲਈ ਅਮਰੀਕਾ ਤੋਂ ਬਾਹਰ ਹਨ। ਉਨ੍ਹਾਂ ਅਜਿਹੇ ਲੋਕਾਂ ਨੂੰ 21 ਸਤੰਬਰ ਨੂੰ ਹੁਕਮ ਲਾਗੂ ਹੋਣ ਤੋਂ ਪਹਿਲਾਂ ਅਮਰੀਕਾ ਪਰਤਣ ਦੀ ਸਲਾਹ ਦਿੱਤੀ ਹੈ। ਜਾਣਕਾਰਾਂ ਨੇ ਕਿਹਾ ਹੈ ਕਿ ਉਹ ਅਗਲੇ 24 ਘੰਟੇ ਅੰਦਰ ਵਤਨ ਪਰਤ ਆਉਣ ਨਹੀਂ ਤਾਂ ਉਨ੍ਹਾਂ ਨੂੰ ਵਾਪਸ ਆਉਣ ਤੋਂ ਰੋਕਿਆ ਜਾ ਸਕਦਾ ਹੈ। -ਪੀਟੀਆਈ

ਟਰੰਪ ਵੱਲੋਂ ‘ਗੋਲਡ ਕਾਰਡ’ ਦਾ ਐਲਾਨ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ‘ਗੋਲਡ ਕਾਰਡ’ ਨਾਂ ਦੇ ਇੱਕ ਕਾਰਜਕਾਰੀ ਹੁਕਮ ’ਤੇ ਦਸਤਖ਼ਤ ਕੀਤੇ ਹਨ ਜਿਸ ਦਾ ਮਕਸਦ ਅਸਧਾਰਨ ਸਮਰੱਥਾ ਵਾਲੇ ਉਨ੍ਹਾਂ ਵਿਦੇਸ਼ੀਆਂ ਲਈ ਨਵਾਂ ਵੀਜ਼ਾ ਮਾਰਗ ਸਥਾਪਤ ਕਰਨਾ ਹੈ ਜੋ ਅਮਰੀਕਾ ਦੀ ਹਮਾਇਤ ਕਰਨ ਲਈ ਪ੍ਰਤੀਬੱਧ ਹਨ। ਗੋਲਡ ਕਾਰਡ ਪ੍ਰੋਗਰਾਮ ਤਹਿਤ ਜੋ ਵਿਅਕਤੀ ਅਮਰੀਕੀ ਖਜ਼ਾਨੇ ਨੂੰ 10 ਲੱਖ ਅਮਰੀਕੀ ਡਾਲਰ ਜਾਂ ਕਿਸੇ ਕੰਪਨੀ ਵੱਲੋਂ ਸਪਾਂਸਰ ਕੀਤੇ ਜਾਣ ’ਤੇ 20 ਲੱਖ ਅਮਰੀਕੀ ਡਾਲਰ ਦਾ ਭੁਗਤਾਨ ਕਰ ਸਕਦਾ ਹੈ ਤਾਂ ਉਸ ਨੂੰ ਤੁਰੰਤ ਵੀਜ਼ਾ ਪ੍ਰਕਿਰਿਆ ਤੇ ਦੇਸ਼ ’ਚ ਗਰੀਨ ਕਾਰਡ ਹਾਸਲ ਕਰਨ ਦਾ ਮੌਕਾ ਮਿਲੇਗਾ।

ਨਰਿੰਦਰ ਮੋਦੀ ‘ਕਮਜ਼ੋਰ ਪ੍ਰਧਾਨ ਮੰਤਰੀ’: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਅਮਰੀਕਾ ਵੱਲੋਂ ਐੱਚ1ਬੀ ਵੀਜ਼ਾ ’ਤੇ ਇੱਕ ਲੱਖ ਡਾਲਰ ਦੀ ਫੀਸ ਲਾਏ ਜਾਣ ਮਗਰੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲਿਆ ਤੇ ਦਾਅਵਾ ਕੀਤਾ ਕਿ ਉਹ ਇੱਕ ‘ਕਮਜ਼ੋਰ ਪ੍ਰਧਾਨ ਮੰਤਰੀ’ ਹਨ। ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਜੁਲਾਈ 2017 ’ਚ ਐਕਸ (ਉਸ ਸਮੇਂ ਟਵਿੱਟਰ) ’ਤੇ ਕੀਤੀ ਗਈ ਪੋਸਟ ਸਾਂਝੀ ਰਕਦਿਆਂ ਪ੍ਰਧਾਨ ਮੰਤਰੀ ਨੂੰ ਨਿਸ਼ਾਨੇ ’ਤੇ ਲਿਆ। ਉਸ ਪੋਸਟ ’ਚ ਵੀ ਕਾਂਗਰਸ ਆਗੂ ਨੇ ਪ੍ਰਧਾਨ ਮੰਤਰੀ ਮੋਦੀ ’ਤੇ ‘ਕਮਜ਼ੋਰ ਪ੍ਰਧਾਨ ਮੰਤਰੀ’ ਹੋਣ ਦਾ ਦੋਸ਼ ਲਾਇਆ ਸੀ।

ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਅੱਜ ਦਾਅਵਾ ਕੀਤਾ, ‘ਮੈਂ ਇਹ ਗੱਲ ਦੁਹਰਾਉਂਦਾ ਹਾਂ, ਭਾਰਤ ਕੋਲ ਕਮਜ਼ੋਰ ਪ੍ਰਧਾਨ ਮੰਤਰੀ ਹੈ।’ ਦੂਜੇ ਪਾਸੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ’ਤੇ ਤਨਜ਼ ਕਸਦਿਆਂ ਕਿਹਾ ਕਿ ‘ਗਲੇ ਮਿਲਣਾ ਅਤੇ ਮੋਦੀ-ਮੋਦੀ ਦੇ ਨਾਅਰੇ ਲਗਵਾਉਣਾ’ ਵਿਦੇਸ਼ ਨੀਤੀ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਦੇਸ਼ ਨੀਤੀ ’ਚ ਕੌਮੀ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਣਾ ਚਾਹੀਦਾ ਹੈ ਅਤੇ ਕਿਸੇ ਨਾਲ ਦੋਸਤੀ ਸੋਚ ਸਮਝ ਕੇ ਅਤੇ ਤਵਾਜ਼ਨ ਬਣਾ ਕੇ ਅੱਗੇ ਵਧਾਉਣੀ ਚਾਹੀਦੀ ਹੈ। ਖੜਗੇ ਨੇ ਐਕਸ ’ਤੇ ਪੋਸਟ ਕੀਤਾ, ‘ਨਰਿੰਦਰ ਮੋਦੀ ਜੀ ਤੁਹਾਡੇ ਜਨਮ ਦਿਨ ’ਤੇ ਫੋਨ ਕਾਲ ਮਗਰੋਂ ਤੁਹਾਨੂੰ ਜੋ ਜਵਾਬੀ ਤੋਹਫਾ ਮਿਲਿਆ ਹੈ, ਉਸ ਨਾਲ ਭਾਰਤੀ ਨਾਗਰਿਕਾਂ ਨੂੰ ਦੁੱਖ ਹੁੰਦਾ ਹੈ। ਇਹ ਤੁਹਾਡੀ ‘ਅਬ ਕੀ ਬਾਰ, ਟਰੰਪ ਸਰਕਾਰ’ ਵੱਲੋਂ ਜਨਮਦਿਨ ਦਾ ਜਵਾਬੀ ਤੋਹਫਾ ਹੈ।’ ਉਨ੍ਹਾਂ ਦਾਅਵਾ ਕੀਤਾ ਕਿ ਐੱਚ1ਬੀ ਵੀਜ਼ਾ ’ਤੇ ਇੱਕ ਲੱਖ ਡਾਲਰ ਸਾਲਾਨਾ ਫੀਸ ਭਾਰਤੀ ਤਕਨੀਕੀ ਕਾਮਿਆਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲੀ ਹੈ ਕਿਉਂਕਿ ਐੱਚ1ਬੀ ਵੀਜ਼ਾ ਧਾਰਕਾਂ ’ਚੋਂ 70 ਫੀਸਦ ਭਾਰਤੀ ਹਨ। -ਪੀਟੀਆਈ

 

ਐੱਚ1ਬੀ ਵੀਜ਼ਾ ’ਤੇ ਪਾਬੰਦੀਆਂ ਨਾਲ ਸਮੱਸਿਆਵਾਂ ਪੈਦਾ ਹੋਣਗੀਆਂ: ਭਾਰਤ

ਨਵੀਂ ਦਿੱਲੀ: ਭਾਰਤ ਨੇ ਅੱਜ ਕਿਹਾ ਕਿ ਐੱਚ1ਬੀ ਵੀਜ਼ਾ ’ਤੇ ਟਰੰਪ ਪ੍ਰਸ਼ਾਸਨ ਦੀਆਂ ਨਵੀਂਆਂ ਪਾਬੰਦੀਆਂ ਨਾਲ ਮਨੁੱਖੀ ਸਮੱਸਿਆਵਾਂ ਪੈਦਾ ਹੋਣ ਦਾ ਖਦਸ਼ਾ ਹੈ ਅਤੇ ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਅਮਰੀਕੀ ਅਥਾਰਿਟੀਆਂ ਵੱਲੋਂ ਇਨ੍ਹਾਂ ‘ਅੜਿੱਕਿਆਂ’ ਦਾ ਢੁੱਕਵੇਂ ਢੰਗ ਨਾਲ ਹੱਲ ਕੱਢਿਆ ਜਾਵੇਗਾ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅਮਰੀਕਾ ਦੇ ਇਸ ਕਦਮ ਨਾਲ ਪਰਿਵਾਰਾਂ ਨੂੰ ਹੋਣ ਵਾਲੀਆਂ ਸਮੱਸਿਆਵਾਂ ਕਾਰਨ ਮਨੁੱਖੀ ਸੰਕਟ ਪੈਦਾ ਹੋ ਸਕਦਾ ਹੈ। ਉਨ੍ਹਾਂ ਕਿਹਾ, ‘ਸਰਕਾਰ ਨੂੰ ਆਸ ਹੈ ਕਿ ਅਮਰੀਕੀ ਅਧਿਕਾਰੀ ਇਨ੍ਹਾਂ ਅੜਿੱਕਿਆਂ ਦਾ ਢੁੱਕਵਾਂ ਹੱਲ ਲੱਭਣਗੇ।’ ਜੈਸਵਾਲ ਨੇ ਕਿਹਾ ਕਿ ਇਸ ਕਦਮ ਦੇ ‘ਮੁਕੰਮਲ ਪ੍ਰਭਾਵ’ ਦਾ ਅਧਿਐਨ ਸਾਰੀਆਂ ਸਬੰਧਤ ਧਿਰਾਂ ਵੱਲੋਂ ਕੀਤਾ ਜਾ ਰਿਹਾ ਹੈ ਜਿਨ੍ਹਾਂ ’ਚ ਭਾਰਤੀ ਉਦਯੋਗ ਜਗਤ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਭਾਰਤ ਤੇ ਅਮਰੀਕਾ, ਦੋਵਾਂ ਦੇ ਉਦਯੋਗਾਂ ਦੀਆਂ ‘ਕਾਢਾਂ ਤੇ ਰਚਨਾਤਮਕਤਾ ’ਚ ਹਿੱਸੇਦਾਰੀ ਹੈ ਅਤੇ ਉਨ੍ਹਾਂ ਤੋਂ ਅੱਗੇ ਦੇ ਬਿਹਤਰ ਮਾਰਗ ’ਤੇ ਸਲਾਹ ਦੀ ਉਮੀਦ ਕੀਤੀ ਜਾ ਸਕਦੀ ਹੈ।’ ਉਨ੍ਹਾਂ ਕਿਹਾ, ‘ਹੁਨਰਮੰਦ ਪ੍ਰਤਿਭਾਵਾਂ ਦੇ ਆਉਣ-ਜਾਣ ਅਤੇ ਲੈਣ-ਦੇਣ ਨੇ ਅਮਰੀਕਾ ਤੇ ਭਾਰਤ ’ਚ ਤਕਨੀਕੀ ਵਿਕਾਸ, ਖੋਜਾਂ, ਆਰਥਿਕ ਵਿਕਾਸ, ਮੁਕਾਬਲੇਬਾਜ਼ੀ ਤੇ ਆਰਥਿਕ ਖੁਸ਼ਹਾਲੀ ’ਚ ਵੱਡਾ ਯੋਗਦਾਨ ਪਾਇਆ ਹੈ।’ ਜੈਸਵਾਲ ਨੇ ਕਿਹਾ, ‘ਇਸ ਲਈ ਨੀਤੀ ਨਿਰਮਾਤਾ ਹਾਲੀਆ ਕਦਮਾਂ ਦਾ ਮੁਲਾਂਕਣ ਆਪਸੀ ਲਾਭ ਨੂੰ ਧਿਆਨ ’ਚ ਰੱਖਦੇ ਹੋਏ ਕਰਨਗੇ ਜਿਨ੍ਹਾਂ ’ਚ ਦੋਵਾਂ ਦੇਸ਼ਾਂ ਦੀ ਜਨਤਾ ਦੇ ਪੱਧਰ ’ਤੇ ਮਜ਼ਬੂਤ ਸਬੰਧ ਵੀ ਸ਼ਾਮਲ ਹਨ।’ ਇਸੇ ਦੌਰਾਨ ਸੂਤਰਾਂ ਨੇ ਦੱਸਿਆ ਕਿ ਭਾਰਤ ਸਰਕਾਰ ਐੱਚ1ਬੀ ਵੀਜ਼ੇ ਦੇ ਮਸਲੇ ਦਾ ਹੱਲ ਲੱਭਣ ਲਈ ਆਈਟੀ ਸਨਅਤ ਤੇ ਅਮਰੀਕੀ ਪ੍ਰਸ਼ਾਸਨ ਨਾਲ ਗੱਲਬਾਤ ਕਰ ਰਹੀ ਹੈ। -ਪੀਟੀਆਈ

Advertisement
Show comments