ਟਰੰਪ ਦਾ ਦਾਅਵਾ: ਭਾਰਤ-ਪਾਕਿ ਜੰਗ ’ਚ ਅੱਠ ਜਹਾਜ਼ ਡਿੱਗੇ
ਆਪਣੇ ਵਿਵਾਦਤ ਬੋਲਾਂ ਲਈ ਜਾਣੇ ਜਾਂਦੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹੁਣ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗ ’ਚ ਅੱਠ ਜਹਾਜ਼ ਡਿੱਗਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦੋਵੇਂ ਮੁਲਕਾਂ ਦਰਮਿਆਨ ਜੰਗ ਰੋਕਣ ਦਾ ਰਾਗ ਮੁੜ ਅਲਾਪਦਿਆਂ ਇਹ ਸਪੱਸ਼ਟ ਨਹੀਂ ਕੀਤਾ ਕਿ ਨੁਕਸਾਨੇ ਗਏ ਜਹਾਜ਼ ਕਿਸ ਮੁਲਕ ਦੇ ਸਨ। ਮਿਆਮੀ ’ਚ ਅਮਰੀਕਾ ਬਿਜ਼ਨਸ ਫੋਰਮ ’ਚ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਮਈ ’ਚ ਹੋਈ ਜੰਗ ਦੌਰਾਨ ਨੁਕਸਾਨੇ ਗਏ ਜਹਾਜ਼ਾਂ ਦੀ ਗਿਣਤੀ ਸੱਤ ਤੋਂ ਵਧਾ ਕੇ ਅੱਠ ਕਰ ਦਿੱਤੀ ਹੈ।
ਅਮਰੀਕੀ ਰਾਸ਼ਟਰਪਤੀ ਨੇ ਦੁਹਰਾਇਆ ਕਿ ਭਾਰਤ ਅਤੇ ਪਾਕਿਸਤਾਨ ਵਿਚ ‘ਅਮਨ ਸ਼ਾਂਤੀ’ ਉਦੋਂ ਸਥਾਪਤ ਹੋਈ ਜਦੋਂ ਉਨ੍ਹਾਂ ਪਰਮਾਣੂ ਹਥਿਆਰਾਂ ਨਾਲ ਲੈਸ ਦੋਵੇਂ ਮੁਲਕਾਂ ਨੂੰ ਧਮਕੀ ਦਿੱਤੀ ਕਿ ਜੇ ਉਹ ਆਪਣੇ ਫੌਜੀ ਟਕਰਾਅ ਜਾਰੀ ਰੱਖਦੇ ਹਨ ਤਾਂ ਉਹ (ਟਰੰਪ) ਉਨ੍ਹਾਂ ਨਾਲ ਵਪਾਰ ਸਮਝੌਤਾ ਰੱਦ ਕਰ ਦੇਣਗੇ। ਉਨ੍ਹਾਂ ਕਿਹਾ, ‘‘ਅੱਠ ਮਹੀਨਿਆਂ ਵਿਚ ਮੈਂ ਕੋਸੋਵੋ ਤੇ ਸਰਬੀਆ ਅਤੇ ਕਾਂਗੋ ਤੇ ਰਵਾਂਡਾ ਸਣੇ ਅੱਠ ਜੰਗਾਂ ਰੋਕੀਆਂ ਹਨ, ਜੋ ਲੰਮੇ ਸਮੇਂ ਤੋਂ ਜਾਰੀ ਸਨ। ਪਾਕਿਸਤਾਨ ਅਤੇ ਭਾਰਤ ਵਿਚਾਲੇ ਵੀ ਮੈਂ ਜੰਗ ਰੋਕੀ ਹੈ।’’ ਉਨ੍ਹਾਂ ਕਿਹਾ ਕਿ ਟੈਰਿਫਾਂ ਕਾਰਨ ਇਹ ਸੰਭਵ ਹੋ ਸਕਿਆ। ਇਕ ਜੰਗ ਤਾਂ 38 ਸਾਲ ਪੁਰਾਣੀ ਸੀ ਅਤੇ ਸੰਯੁਕਤ ਰਾਸ਼ਟਰ ਤੋਂ ਵੀ ਕੋਈ ਸਹਾਇਤਾ ਨਹੀਂ ਮਿਲ ਰਹੀ ਸੀ ਪਰ ਉਨ੍ਹਾਂ ਇਕ ਘੰਟੇ ਦੇ ਅੰਦਰ ਹੀ ਉਨ੍ਹਾਂ ਵਿੱਚ ਸਮਝੌਤਾ ਕਰਵਾ ਦਿੱਤਾ। ਅਮਰੀਕਾ ਤਾਕਤ ਰਾਹੀਂ ਦੁਨੀਆ ’ਚ ਸ਼ਾਂਤੀ ਕਰਵਾ ਰਿਹਾ ਹੈ ਕਿਉਂਕਿ ਕੋਈ ਵੀ ਮੁਲਕ ਉਨ੍ਹਾਂ ਨਾਲ ਉਲਝਣਾ ਨਹੀਂ ਚਾਹੁੰਦਾ ਹੈ। ਉਨ੍ਹਾਂ ਚੀਨ, ਜਪਾਨ ਅਤੇ ਮਲੇਸ਼ੀਆ ਨਾਲ ਹੋਏ ਸਮਝੌਤਿਆਂ ਦਾ ਵੀ ਜ਼ਿਕਰ ਕੀਤਾ।
ਜੀ20 ਸੰਮੇਲਨ ’ਚ ਨਹੀਂ ਜਾਵਾਂਗਾ: ਟਰੰਪ
ਨਿਊਯਾਰਕ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਇਸ ਮਹੀਨੇ ਦੇ ਅਖੀਰ ਵਿੱਚ ਦੱਖਣੀ ਅਫ਼ਰੀਕਾ ’ਚ ਹੋਣ ਵਾਲੇ ਜੀ20 ਸੰਮੇਲਨ ਵਿੱਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਨੇ ਪ੍ਰਮੁੱਖ ਅਰਥਚਾਰਿਆਂ ਦੇ ਇਸ ਸਮੂਹ ਵਿੱਚ ਦੇਸ਼ ਦੀ ਮੈਂਬਰਸ਼ਿਪ ’ਤੇ ਸਵਾਲ ਉਠਾਇਆ ਹੈ। ਦੱਖਣੀ ਅਫ਼ਰੀਕਾ ਜਿਸ ਨੇ ਪਹਿਲੀ ਦਸੰਬਰ, 2024 ਨੂੰ ਸਾਲ-ਲੰਬੀ ਜੀ20 ਦੀ ਪ੍ਰਧਾਨਗੀ ਸੰਭਾਲੀ ਸੀ, 22 ਤੋਂ 23 ਨਵੰਬਰ ਤੱਕ ਜੋਹੈਨਸਬਰਗ ਵਿੱਚ ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਜੀ20 ਆਗੂਆਂ ਦੀ ਇਹ ਮੀਟਿੰਗ ਪਹਿਲੀ ਵਾਰ ਅਫ਼ਰੀਕੀ ਧਰਤੀ ’ਤੇ ਹੋਵੇਗੀ। ਫਲੋਰਿਡਾ ਵਿੱਚ ਬੁੱਧਵਾਰ ਨੂੰ ਅਮਰੀਕਾ ਬਿਜ਼ਨਸ ਫੋਰਮ ਮਿਆਮੀ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਟਰੰਪ ਨੇ ਕਿਹਾ, “ਮੈਂ ਨਹੀਂ ਜਾ ਰਿਹਾ। ਸਾਡੀ ਜੀ20 ਦੀ ਮੀਟਿੰਗ ਦੱਖਣੀ ਅਫ਼ਰੀਕਾ ਵਿੱਚ ਹੈ। ਦੱਖਣੀ ਅਫ਼ਰੀਕਾ ਨੂੰ ਹੁਣ ਜੀ20 ਵਿੱਚ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਉੱਥੇ ਜੋ ਹੋਇਆ ਹੈ, ਉਹ ਬੁਰਾ ਹੈ।”
