ਬਾਬਰੀ ਮਸਜਿਦ ਮਾਮਲੇ ’ਤੇ ਤ੍ਰਿਣਮੂਲ ਵਿਧਾਇਕ ਮੁਅੱਤਲ
ਮੁਰਸ਼ਿਦਾਬਾਦ ਜ਼ਿਲ੍ਹੇ ’ਚ ਬਾਬਰੀ ਮਸਜਿਦ ਉਸਾਰਨ ਦੀ ਤਜਵੀਜ਼ ਨਾਲ ਵਿਵਾਦਾਂ ’ਚ ਘਿਰੇ ਵਿਧਾਇਕ ਹਮਾਯੂੰ ਕਬੀਰ ਨੂੰ ਪੱਛਮੀ ਬੰਗਾਲ ਦੀ ਹੁਕਮਰਾਨ ਧਿਰ ਤ੍ਰਿਣਮੂਲ ਕਾਂਗਰਸ ਨੇ ਪਾਰਟੀ ’ਚੋਂ ਮੁਅੱਤਲ ਕਰ ਦਿੱਤਾ ਹੈ। ਕਬੀਰ ਨੇ ਅਯੁੱਧਿਆ ਵਿੱਚ 1992 ’ਚ ਬਾਬਰੀ ਮਸਜਿਦ ਢਾਹੁਣ ਵਾਲੇ ਦਿਨ 6 ਦਸੰਬਰ ਨੂੰ ਬੇਲਡਾਂਗਾ ’ਚ ਪ੍ਰਸਤਾਵਿਤ ਮਸਜਿਦ ਦਾ ਨੀਂਹ ਪੱਥਰ ਰੱਖਣ ਦਾ ਐਲਾਨ ਕੀਤਾ ਹੈ।
ਪਾਰਟੀ ’ਚੋਂ ਮੁਅੱਤਲੀ ਮਗਰੋਂ ਹਮਾਯੂੰ ਕਬੀਰ ਨੇ ਕਿਹਾ ਕਿ ਉਹ ਵਿਧਾਇਕ ਵਜੋਂ ਅਸਤੀਫਾ ਦੇ ਕੇ 22 ਦਸੰਬਰ ਨੂੰ ਆਪਣੀ ਨਵੀਂ ਪਾਰਟੀ ਦਾ ਐਲਾਨ ਕਰੇਗਾ। ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੇ ਕਿਹਾ ਕਿ ਕੁਝ ਗੱਦਾਰਾਂ ਨੇ ਸੂਬੇ ’ਚ ਫਿਰਕੂ ਤਣਾਅ ਪੈਦਾ ਕਰਨ ਲਈ ਭਾਜਪਾ ਤੋਂ ਪੈਸਾ ਲਿਆ ਹੈ ਅਤੇ ਮੁਰਸ਼ਿਦਾਬਾਦ ਦੇ ਲੋਕ ‘ਦੰਗਿਆਂ ਦੀ ਸਿਆਸਤ’ ਨੂੰ ਕਦੇ ਵੀ ਕਬੂਲ ਨਹੀਂ ਕਰਨਗੇ। ਉਧਰ, ਮਸਜਿਦ ਉਸਾਰਨ ਦੇ ਮਾਮਲੇ ’ਤੇ ਕਲਕੱਤਾ ਹਾਈ ਕੋਰਟ ’ਚ ਭਲਕੇ ਸੁਣਵਾਈ ਹੋ ਸਕਦੀ ਹੈ।
ਹਮਾਯੂੰ ਨੂੰ ਜਦੋਂ ਪਾਰਟੀ ’ਚੋਂ ਮੁਅੱਤਲ ਕਰਨ ਦੀ ਖ਼ਬਰ ਮਿਲੀ ਤਾਂ ਉਹ ਬਹਿਰਾਮਪੁਰ ’ਚ ਮਮਤਾ ਬੈਨਰਜੀ ਦੀ ਰੈਲੀ ’ਚ ਮੌਜੂਦ ਸੀ। ਉਸ ਨੇ ਤ੍ਰਿਣਮੂਲ ’ਚੋਂ ਮੁਅੱਤਲੀ ਬਾਰੇ ਕੋਈ ਪੱਤਰ ਨਾ ਮਿਲਣ ਦਾ ਦਾਅਵਾ ਕੀਤਾ ਅਤੇ ਕਿਹਾ, ‘‘ਮੈਂ ਸ਼ੁੱਕਰਵਾਰ ਜਾਂ ਸੋਮਵਾਰ ਨੂੰ ਵਿਧਾਇਕੀ ਤੋਂ ਅਸਤੀਫਾ ਦੇ ਦੇਵਾਂਗਾ। ਮੈਂ ਮੁੱਖ ਮੰਤਰੀ ਵੱਲੋਂ ਧਰਮਨਿਰਪੱਖ ਸਿਆਸਤ ਬਾਰੇ ਅਪਣਾਏ ਜਾ ਰਹੇ ਦੋਹਰੇ ਮਾਪਦੰਡਾਂ ਦਾ ਪਰਦਾਫਾਸ਼ ਕਰਾਂਗਾ। 6 ਦਸੰਬਰ ਦਾ ਪ੍ਰੋਗਰਾਮ ਪਹਿਲਾਂ ਵਾਂਗ ਤੈਅ ਹੈ, ਜੇ ਬਾਬਰੀ ਮਸਜਿਦ ਦਾ ਨੀਂਹ ਪੱਥਰ ਰੱਖਣ ਦੀ ਇਜਾਜ਼ਤ ਨਾ ਮਿਲੀ ਤਾਂ ਉਹ ਉਥੇ ਹੀ ਧਰਨਾ ਦੇਣਗੇ।’’ ਰਾਜਪਾਲ ਸੀ ਪੀ ਆਨੰਦ ਬੋਸ ਨੇ ਸਰਕਾਰ ਨੂੰ ਕਬੀਰ ਨੂੰ ਗ੍ਰਿਫ਼ਤਾਰ ਕਰਨ ਲਈ ਕਿਹਾ ਹੈ।
ਧਰਮ ਦੀ ਸਿਆਸਤ ਕਰ ਰਹੀ ਹੈ ਭਾਜਪਾ: ਮਮਤਾ
ਬਹਿਰਾਮਪੁਰ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ ’ਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਧਰਮ ਦੀ ਸਿਆਸਤ ਕਰਨ ਦਾ ਦੋਸ਼ ਲਾਇਆ ਹੈ। ਵੋਟਰ ਸੂਚੀਆਂ ਦੀ ਵਿਸ਼ੇਸ਼ ਪੜਤਾਲ (ਐੱਸ ਆਈ ਆਰ) ਖ਼ਿਲਾਫ਼ ਮੁਰਸ਼ਿਦਾਬਾਦ ਜ਼ਿਲ੍ਹੇ ’ਚ ਰੈਲੀ ਦੌਰਾਨ ਭਾਜਪਾ ’ਤੇ ਵਰ੍ਹਦਿਆਂ ਮਮਤਾ ਨੇ ਦਾਅਵਾ ਕੀਤਾ ਕਿ ਪ੍ਰਕਿਰਿਆ ਦੌਰਾਨ ਮਾਰੇ ਗਏ ਅੱਧੇ ਤੋਂ ਜ਼ਿਆਦਾ ਹਿੰਦੂ ਸਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਭਾਜਪਾ ਉਸ ਹੀ ਟਾਹਣੀ ਨੂੰ ਕੱਟ ਰਹੀ ਹੈ ਜਿਸ ’ਤੇ ਉਹ ਬੈਠੀ ਹੋਈ ਹੈ। ਤ੍ਰਿਣਮੂਲ ਕਾਂਗਰਸ ਸੁਪਰੀਮੋ ਨੇ ਕਿਹਾ ਕਿ ਭਾਵੇਂ ਉਸ ਦਾ ਗਲਾ ਵੱਢ ਦਿੱਤਾ ਜਾਵੇ ਪਰ ਉਹ ਸੂਬੇ ’ਚ ਐੱਨ ਆਰ ਸੀ ਜਾਂ ਹਿਰਾਸਤੀ ਕੈਂਪਾਂ ਦੀ ਕਦੇ ਵੀ ਇਜਾਜ਼ਤ ਨਹੀਂ ਦੇਵੇਗੀ। -ਪੀਟੀਆਈ
