ਨੌਗਾਮ ਧਮਾਕੇ ਦੇ ਮਿ੍ਰਤਕਾਂ ਨੂੰ ਸ਼ਰਧਾਂਜਲੀ
ਉਪ ਰਾਜਪਾਲ ਮਨੋਜ ਸਿਨਹਾ ਨੇ ਦੇਸ਼ ਭਰ ’ਚ ਫੈਲੇ ਅਤਿਵਾਦੀ ਮੌਡਿਊਲ ਦਾ ਖਾਤਮਾ ਕਰਕੇ ਅਤਿਵਾਦੀ ਘਟਨਾਵਾਂ ਨੂੰ ਨਾਕਾਮ ਕਰਨ ਲਈ ਅੱਜ ਜੰਮੂ ਕਸ਼ਮੀਰ ਪੁਲੀਸ ਦੀ ਸ਼ਲਾਘਾ ਕੀਤੀ। ਉਨ੍ਹਾਂ ਨੌਗਾਮ ਥਾਣੇ ਅੰਦਰ ਅਚਾਨਕ ਹੋਏ ਧਮਾਕੇ ’ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ।
ਸ੍ਰੀ ਸਿਨਹਾ ਨੇ ਕਿਹਾ ਕਿ ਉਨ੍ਹਾਂ ਸ਼ੁੱਕਰਵਾਰ ਰਾਤ ਦੀ ਘਟਨਾ ਦੀ ਮੈਜਿਸਟਰੇਟ ਜਾਂਚ ਦੇ ਹੁਕਮ ਦੇ ਦਿੱਤੇ ਹਨ ਜਿਸ ’ਚ ਨੌਂ ਜਣਿਆਂ ਦੀ ਮੌਤ ਹੋ ਗਈ ਅਤੇ 32 ਹੋਰ ਜ਼ਖ਼ਮੀ ਹੋ ਗਏ। ਇਨ੍ਹਾਂ ’ਚ ਜ਼ਿਆਦਾਤਰ ਪੁਲੀਸ ਮੁਲਾਜ਼ਮ ਸਨ। ਉਨ੍ਹਾਂ ਕਿਹਾ, ‘‘ਨੌਗਾਮ ’ਚ ਅਚਾਨਕ ਹੋਏ ਧਮਾਕੇ ਪਿੱਛੇ ਕੋਈ ਅਤਿਵਾਦੀ ਸਾਜ਼ਿਸ਼ ਜਾਂ ਬਾਹਰੀ ਦਖਲ ਨਹੀਂ ਹੈ। ਮੈਂ ਕਾਨੂੰਨ ਅਨੁਸਾਰ ਘਟਨਾ ਦੀ ਮੈਜਿਸਟਰੇਟ ਜਾਂਚ ਦੇ ਹੁਕਮ ਦੇ ਦਿੱਤੇ ਹਨ।’’ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਪੁਰਬ ਮੌਕੇ ਇੱਥੇ ਗੁਰਦੁਆਰੇ ’ਚ ਸਜਾਏ ਨਗਰ ਕੀਰਤਨ ’ਚ ਸ਼ਾਮਲ ਹੁੰਦਿਆਂ ਉਪ ਰਾਜਪਾਲ ਨੇ ਕਿਹਾ ਕਿ ਸ੍ਰੀਨਗਰ ਦੇ ਨੌਗਾਮ ਥਾਣੇ ’ਚ ਮੰਦਭਾਗੀ ਘਟਨਾ ਉਸ ਸਮੇਂ ਵਾਪਰੀ ਜਦੋਂ ਫੇਰੈਂਸਿਕ ਟੀਮ 10 ਨਵੰਬਰ ਨੂੰ ਦਿੱਲੀ ’ਚ ਲਾਲ ਕਿਲੇ ਨੇੜੇ ਹੋਏ ਧਮਾਕੇ ’ਚ ਸ਼ਾਮਲ ਅਤਿਵਾਦੀਆਂ ਤੋਂ ਬਰਾਮਦ ਧਮਾਕਾਖੇਜ਼ ਸਮੱਗਰੀ ਦੇ ਨਮੂਨੇ ਇਕੱਠੇ ਕਰ ਰਹੀ ਸੀ ਜਿਸ ਪੁਲੀਸ ਮੁਲਾਜ਼ਮਾਂ ਤੇ ਮਾਲ ਅਧਿਕਾਰੀਆਂ ਸਮੇਤ ਕਈਆਂ ਦੀ ਜਾਨ ਚਲੀ ਗਈ। ਉਹ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ। ਪਿਛਲੇ ਦੋ ਦਿਨਾਂ ਤੋਂ ਥਾਣੇ ’ਚ ਸੈਂਪਲ ਇਕੱਠੇ ਕਰਨ ਦੀ ਪ੍ਰਕਿਰਿਆ ਚੱਲ ਰਹੀ ਸੀ।
